Lakshmi Patisa Factory Moga - ਸਿਹਤ ਵਿਭਾਗ ਮੋਗਾ ਵੱਲੋਂ ਬੀਤੇ ਦਿਨੀਂ ਸਥਾਨਕ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਤੋਂ ਲਏ ਚਾਰ ਸੈਂਪਲਾਂ ਵਿੱਚੋਂ ਤਿੰਨ ਫੇਲ ਹੋਏ ਹਨ। ਜਦਕਿ ਇਕ ਸੈਂਪਲ ਪਾਸ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਉਕਤ ਪਤੀਸਾ ਫੈਕਟਰੀ ਤੋਂ ਖੋਇਆ ਬਰਫੀ, ਮਿਲਕ ਕੇਕ ਅਤੇ ਪਤੀਸਾ ਦੇ ਚਾਰ ਸੈਂਪਲ ਲਏ ਸਨ। ਜਿੰਨਾ ਵਿੱਚੋਂ ਖੋਇਆ ਬਰਫੀ, ਮਿਲਕ ਕੇਕ ਦੇ ਤਿੰਨ ਸੈਂਪਲ ਫੇਲ ਹੋਏ ਹਨ ਜਦਕਿ ਪਤੀਸੇ ਦਾ ਸੈਂਪਲ ਪਾਸ ਹੋਇਆ ਹੈ। ਉਹਨਾਂ ਕਿਹਾ ਕਿ ਜੋ ਮਟੀਰੀਆਲ ਸੀਜ਼ ਕੀਤਾ ਗਿਆ ਸੀ ਉਸਨੂੰ ਜਲਦੀ ਹੀ ਨਿਯਮਾਂ ਤਹਿਤ ਨਸ਼ਟ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : - ਸਿਹਤ ਵਿਭਾਗ ਦੀ ਮੋਗਾ 'ਚ ਪਤੀਸਾ ਫੈਕਟਰੀ 'ਚ ਰੇਡ, 1647 ਕਿੱਲੋ ਮਾਲ ਕੀਤਾ ਸੀਜ਼
ਦੱਸਣਯੋਗ ਹੈ ਕਿ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਇਕ ਗੁਪਤ ਸੂਚਨਾ ਦੇ ਅਧਾਰ ਉਤੇ ਖੁਦ ਮੋਗਾ ਦੀ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਜਾ ਕੇ ਚੈਕਿੰਗ ਕੀਤੀ ਸੀ। ਸਿਵਲ ਸਰਜਨ ਨੇ ਫੂਡ ਇਸਪੈਕਟਰ ਯੋਗੇਸ਼ ਗੋਇਲ ਸਮੇਤ ਟੀਮ ਨੂੰ ਬੁਲਾ ਕੇ ਮੌਕੇ ਉੱਤੇ ਜੋਧਪੁਰ ਤੇ ਅਬੋਹਰ ਤੋਂ ਆਇਆ ਸ਼ੱਕੀ ਮਿਲਾਵਟੀ ਮਿਲਕ ਕੇਕ 1392 ਕਿੱਲੋ, ਖੋਇਆ ਬਰਫੀ 255 ਕਿਲੋ, ਪਤੀਸੇ ਸਮੇਤ 4 ਸੈਂਪਲ ਲਏ ਗਏ ਸਨ। ਕੁੱਲ 1647 ਕਿੱਲੋ ਖਾਣ ਪੀਣ ਵਾਲਾ ਸ਼ੱਕੀ ਮਾਲ ਸੀਜਰ ਕੀਤਾ ਗਿਆ ਸੀ।
ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਸਮੂਹ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈ ਅਤੇ ਹੋਰ ਖਾਧ ਪਦਾਰਥ ਖਰੀਦਣ ਵੇਲੇ ਗੁਣਵੱਤਾ ਵੱਲ ਜ਼ਰੂਰ ਧਿਆਨ ਦੇਣ। ਜੇਕਰ ਉਹਨਾਂ ਨੂੰ ਕੋਈ ਮਿਲਾਵਟ ਬਾਰੇ ਸ਼ੱਕ ਪੈਂਦਾ ਹੈ ਤਾਂ ਤੁਰੰਤ ਫੂਡ ਸੇਫਟੀ ਟੀਮ ਜਾਂ ਸਿੱਧਾ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਉਣ। ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੁਨਾਫ਼ੇ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।