ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ 'ਤੇ ਗ੍ਰੇਡ ਵਾਕ ਮਾਲ ਦੇ ਨੇੜੇ ਇੱਕ ਵਿਅਕਤੀ ਨੇ ਟ੍ਰੈਫਿਕ ਪੁਲਿਸ ਕਰਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਹਗੀਰਾਂ ਨੇ ਮੋਬਾਈਲ 'ਚ ਕੈਦ ਕਰ ਲਈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਚਸ਼ਮਦੀਦਾਂ ਦੇ ਅਨੁਸਾਰ, ਕੁੱਟਮਾਰ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ IG (ਇੰਸਪੈਕਟਰ ਜਨਰਲ) ਪੱਧਰ ਦਾ ਅਧਿਕਾਰੀ ਦੱਸ ਰਿਹਾ ਸੀ, ਪਰ ਉਸ ਦੀਆਂ ਹਰਕਤਾਂ ਤੋਂ ਲੱਗ ਰਿਹਾ ਸੀ ਕਿ ਉਹ ਨਸ਼ੇ ਵਿੱਚ ਸੀ। ਇਸ ਮਾਮਲੇ ਦੀ ਜਾਂਚ ਥਾਣਾ ਸਰਾਭਾ ਨਗਰ ਦੀ ਪੁਲਿਸ ਕਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਪੁਲਿਸ ਕਰਮੀ ਨੇ ਘਟਨਾ ਦੀ ਜਾਣਕਾਰੀ ਥਾਣੇ ਨੂੰ ਦਿੱਤੀ ਸੀ, ਪਰ ਪੁਲਿਸ ਮੌਕੇ 'ਤੇ ਲਗਭਗ 25 ਮਿੰਟ ਬਾਅਦ ਪਹੁੰਚੀ।

ਕੁੱਟਮਾਰ ਕਰਨ ਵਾਲਾ ਵਿਅਕਤੀ ਰਾਹਗੀਰਾਂ ਦੇ ਵਾਹਨ ਦੇ ਦਸਤਾਵੇਜ਼ ਚੈਕ ਕਰ ਰਿਹਾ ਸੀ

ਜਿਸ ਵਿਅਕਤੀ ਨੇ ਟ੍ਰੈਫਿਕ ਪੁਲਿਸ ਕਰਮੀ ਨਾਲ ਮਾਰਪੀਟ ਕੀਤੀ, ਉਹ ਸੜਕ 'ਤੇ ਖੜ੍ਹਾ ਹੋ ਕੇ ਆਪਣੇ ਆਪ ਨੂੰ ਅਧਿਕਾਰੀ ਦੱਸਦਿਆਂ ਵਾਹਨ ਚਲਾਕਾਂ ਨੂੰ ਰੋਕ ਰਿਹਾ ਸੀ ਅਤੇ ਉਨ੍ਹਾਂ ਦੇ ਕਾਗਜ਼ਾਤ ਚੈਕ ਕਰ ਰਿਹਾ ਸੀ। ਜਦੋਂ ਇਹ ਗੱਲ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਕਰਮੀ ਬਲਵਿੰਦਰ ਸਿੰਘ ਨੂੰ ਪਤਾ ਲੱਗੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਪੁੱਛਗਿੱਛ ਕਰਨ ਲੱਗੇ। ਇਸ 'ਤੇ ਮੁਲਜ਼ਮ ਨੇ ਟ੍ਰੈਫਿਕ ਕਰਮੀ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਰਾਹਗੀਰਾਂ ਨੇ ਟ੍ਰੈਫਿਕ ਕਰਮੀ ਨੂੰ ਬਚਾਇਆ

ਘਟਨਾ ਦੌਰਾਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਟ੍ਰੈਫਿਕ ਕਰਮੀ ਦਾ ਬਚਾਅ ਕੀਤਾ। ਇਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚੀ ਤੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਰਾਭਾ ਨਗਰ ਲੈ ਗਈ।

ਟ੍ਰੈਫਿਕ ਕਰਮੀ ਬਲਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮੌਕੇ 'ਤੇ ਕੁਝ ਨੋਕਝੋਕ ਹੋਈ ਸੀ, ਪਰ ਲੋਕਾਂ ਨੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ। ਉੱਥੇ ਹੀ ਥਾਣਾ ਸਰਾਭਾ ਨਗਰ ਦੀ ਐਸਐਚਓ ਮਧੁਬਾਲਾ ਨੇ ਕਿਹਾ ਕਿ ਪੁਲਿਸ ਕਰਮੀ ਅਤੇ ਉਸ ਵਿਅਕਤੀ ਵਿਚਾਲੇ ਜੋ ਝਗੜਾ ਹੋਇਆ ਸੀ, ਉਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਇਹ ਘਟਨਾ ਟ੍ਰੈਫਿਕ ਪੁਲਿਸ ਕਰਮੀਆਂ ਦੀ ਸੁਰੱਖਿਆ ਅਤੇ ਸੜਕ 'ਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕਰਦੀ ਹੈ। ਪੁਲਿਸ ਇਸ ਮਾਮਲੇ 'ਚ ਹੋਰ ਕਾਰਵਾਈ ਕਰ ਰਹੀ ਹੈ।