Tragic News from Canada: ਕੈਨੇਡਾ ਤੋਂ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਹਠੂਰ ਦੇ ਜੰਮਪਲ ਨੌਜਵਾਨ ਅਰਸ਼ਪ੍ਰੀਤ ਸਿੰਘ (24) ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਕੇ 'ਤੇ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ।
ਹੋਰ ਪੜ੍ਹੋ : ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
ਮੁੰਡਾ ਕੈਨੇਡਾ 'ਚ ਚਲਾਉਂਦਾ ਸੀ ਟਰਾਲਾ
ਜਾਣਕਾਰੀ ਦਿੰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਅਤੇ ਨੰਬਰਦਾਰ ਮੇਹਰਦੀਪ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਬਹੁਤ ਹੀ ਲਾਇਕ ਲੜਕਾ ਸੀ, ਜੋ 2021 ਵਿਚ ਆਈਲੈਟਸ ਕਰਕੇ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ।
ਉਹ ਆਪਣੇ ਟਰਾਲੇ 'ਤੇ ਇਗਨੇਸ (Ontario) ਤੋਂ ਲਗਭਗ 50 ਕੁ ਕਿਲੋਮੀਟਰ ਅੱਗੇ ਗਿਆ ਤਾਂ ਅਚਾਨਕ ਆਹਮੋ-ਸਾਹਮਣੇ ਟਰਾਲਿਆਂ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਦਰਦਨਾਕ ਹਾਦਸੇ 'ਚ ਅਰਸ਼ਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਛਾਈ ਪਾਈ ਹੈ।
ਮਾਪਿਆਂ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ
ਉਹ ਮਾਪਿਆਂ ਦਾ ਇਕਲੌਤਾ ਪੁੱਤਰ (only son) ਸੀ ਤੇ ਉਸ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਸ ਨੇ ਸੀ.ਬੀ.ਐੱਸ.ਸੀ. ਬੋਰਡ ਤੋਂ ਦਸਵੀਂ ਕਲਾਸ 'ਚ 96 ਫੀਸਦੀ ਅੰਕ ਲੈ ਕੇ ਪਾਸ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਰਸ਼ਪ੍ਰੀਤ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਆਰਥਿਕ ਤੰਗੀ ਦੇ ਬਾਵਜੂਦ ਉਸ ਦੇ ਮਾਪਿਆਂ ਨੇ ਸੁਨਹਿਰੇ ਭਵਿੱਖ ਲਈ ਉਸ ਨੂੰ ਪੜ੍ਹਾ ਕੇ ਕੈਨੇਡਾ 'ਚ ਰੋਜ਼ੀ-ਰੋਟੀ ਲਈ ਭੇਜਿਆ ਸੀ।
ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਸੂਬਾ ਸਰਕਾਰ ਨੂੰ ਕੀਤੀ ਬੇਨਤੀ
ਅਰਸ਼ਪ੍ਰੀਤ ਮਾਪਿਆਂ ਦਾ ਇਕੋ ਇਕ ਸਹਾਰਾ ਸੀ। ਉਹ ਬਹੁਤ ਮਿਹਨਤੀ ਤੇ ਹੋਣਹਾਰ ਲੜਕਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ 'ਚ ਰਹਿ ਰਹੇ ਪਿੰਡ ਹਠੂਰ ਵਾਸੀਆਂ ਵਲੋਂ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਅਰਸ਼ਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ।