Ludhiana News: ਸੋਮਵਾਰ ਦੇਰ ਰਾਤ ਲੁਧਿਆਣਾ ਤੇ ਮੋਗਾ ਦੇ ਹਸਪਤਾਲਾਂ 'ਚ ਮਰੀਜ਼ਾਂ ਨੂੰ ਲੰਗਰ ਦੀ ਸੇਵਾ ਕਰ ਰਹੇ ਪਿਉ-ਪੁੱਤ ਦੀ ਗੱਡੀ 'ਤੇ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਤਿੰਨਾਂ ਦੀ ਜਾਨ ਵਾਲ-ਵਾਲ ਬਚ ਗਈ, ਜਿਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਅਧਿਕਾਰੀ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਅਧੀਨ ਪੈਂਦੀ ਚੌਕੀ ਮਾਨ ਦੇ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੀੜਤ ਜਸਵਿੰਦਰ ਸਿੰਘ ਵਾਸੀ ਰੂਮੀ ਏਕਤਾ ਵੈਲਫੇਅਰ ਟਰੱਸਟ ਨਾਂਅ ਦੀ ਸੰਸਥਾ ਚਲਾਉਂਦਾ ਹੈ। ਉਹ ਲੁਧਿਆਣਾ, ਮੋਗਾ ਤੇ ਜਗਰਾਉਂ ਦੇ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕਰਦੇ ਹਨ ਅਤੇ ਮਰੀਜ਼ਾਂ ਨੂੰ ਲੰਗਰ, ਕੱਪੜੇ ਅਤੇ ਕਿਤਾਬਾਂ ਆਦਿ ਦੀ ਸੇਵਾ ਕਰਦੇ ਹਨ।
ਹਰ ਰੋਜ਼ ਉਸ ਦੀਆਂ ਤਿੰਨ ਗੱਡੀਆਂ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ਨੂੰ ਜਾਂਦੀਆਂ ਹਨ। ਇੱਕ ਗੱਡੀ ਉਸ ਦਾ ਭਰਾ ਅਰਸ਼ਦੀਪ ਸਿੰਘ ਮੋਗਾ ਦੇ ਹਸਪਤਾਲਾਂ ਵਿੱਚ ਲੰਗਰ ਛਕਾਉਣ ਲਈ ਲੈ ਕੇ ਜਾਂਦਾ ਹੈ, ਜਦੋਂ ਕਿ ਦੂਜੀ ਗੱਡੀ ਅਮਰਜੀਤ ਸਿੰਘ ਜਗਰਾਉਂ ਹਸਪਤਾਲ ਲਜਾਂਦਾ ਹੈ। ਤੀਸਰੀ ਗੱਡੀ ਵਿੱਚ ਉਹ ਆਪ ਲੰਗਰ ਲੁਧਿਆਣਾ ਦੇ ਹਸਪਤਾਲਾਂ ਵਿੱਚ ਪਹੁੰਚਾਉਂਦੇ ਹਨ।
ਸੋਮਵਾਰ ਦੇਰ ਸ਼ਾਮ ਜਦੋਂ ਉਹ ਹਸਪਤਾਲ 'ਚ ਲੰਗਰ ਛਕਾ ਕੇ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਉਨ੍ਹਾਂ ਦੀ ਕਾਰ ਪਲਟ ਗਈ। ਮਕੈਨਿਕ ਕੋਲ ਕਾਰ ਛੱਡ ਕੇ ਉਹ ਆਪਣੇ ਭਰਾ ਤੇ ਪਿਤਾ ਨਾਲ ਬੋਲੈਰੋ ਵਿੱਚ ਜਗਰਾਉਂ ਤੋਂ ਆਪਣੇ ਘਰ ਵੱਲ ਨੂੰ ਜਾਣ ਲੱਗੇ। ਇਸ ਦੌਰਾਨ ਬਾਈਕ ਸਵਾਰ ਦੋ ਵਿਅਕਤੀਆਂ ਨੇ ਪਹਿਲਾਂ ਉਨ੍ਹਾਂ ਦੀ ਕਾਰ ਨੂੰ ਕਰੌਸ ਕੀਤਾ ਤੇ ਫਿਰ ਆਪਣੀ ਬਾਈਕ ਹੌਲੀ ਕਰ ਦਿੱਤੀ। ਜਿਵੇਂ ਹੀ ਉਨ੍ਹਾਂ ਦੀ ਕਾਰ ਬਾਈਕ ਸਵਾਰਾਂ ਦੇ ਕੋਲ ਪਹੁੰਚੀ ਤਾਂ ਬਾਈਕ ਦੇ ਪਿੱਛੇ ਬੈਠੇ ਵਿਅਕਤੀ ਨੇ ਬੇਸਬਾਲ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਸ ਨੇ ਆਪਣੀ ਕਾਰ ਰੋਕੀ ਤਾਂ ਹਮਲਾਵਰ ਰਾਏਕੋਟ ਵੱਲ ਭੱਜ ਗਏ।
ਪੀੜਤ ਨੇ ਦੱਸਿਆ ਕਿ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਾਲ-ਨਾਲ ਘਟਨਾ ਵਾਲੀ ਥਾਂ ਅਤੇ ਰਾਏਕੋਟ ਰੋਡ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।