Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਵਜੋਂ ਤਾਇਨਾਤ ਪੰਜਾਬ ਸਿਵਲ ਸਰਵਿਸਿਜ (ਪੀ.ਸੀ.ਐਸ.) ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਸੰਗਠਿਤ ਅਪਰਾਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਜੋ ਨਿੱਜੀ ਵਿਅਕਤੀਆਂ ਰਾਹੀਂ ਟਰਾਂਸਪੋਰਟਰਾਂ ਤੋਂ ਰਿਸ਼ਵਤ ਵਸੂਲਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ 18.11.2022 ਨੂੰ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਹ ਹਰ ਮਹੀਨੇ ਲੁਧਿਆਣਾ ਵਿਖੇ ਵੱਖ-ਵੱਖ ਟਰਾਂਸਪੋਰਟਰਾਂ ਤੋਂ ਉਨਾਂ ਦੇ ਵਾਹਨਾਂ ਦੇ ਚਲਾਨ ਜਾਰੀ ਨਾ ਕਰਨ ਬਦਲੇ ਕੁੱਝ ਨਿੱਜੀ ਵਿਅਕਤੀਆਂ ਰਾਹੀਂ ਰਿਸ਼ਵਤ ਵਸੂਲਦਾ ਸੀ।
ਉਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਸਤਨਾਮ ਸਿੰਘ ਧਵਨ ਵਾਸੀ ਪਿੰਡ ਮਾਣਕਵਾਲ, ਜ਼ਿਲ੍ਹਾ ਲੁਧਿਆਣਾ ਨੇ ਉਕਤ ਆਰ.ਟੀ.ਏ. ਨਾਲ ਜੁੜੇ ਪੰਜਾਬ ਹੋਮ ਗਾਰਡਜ (ਪੀ.ਐਚ.ਜੀ.) ਵਲੰਟੀਅਰ ਬਹਾਦਰ ਸਿੰਘ ਦੀਆਂ ਵੀਡੀਓ ਕਲਿੱਪਾਂ ਸਮੇਤ ਇਸ ਹੈਲਪਲਾਈਨ ‘ਤੇ ਆਰ.ਟੀ.ਏ. ਲੁਧਿਆਣਾ ਦੇ ਖਿਲਾਫ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।
ਵਿਜੀਲੈਂਸ ਦੀ ਟੀਮ ਨੇ ਉਪਰੋਕਤ ਸ਼ਿਕਾਇਤ ਵਿਚਲੇ ਸਬੂਤਾਂ ਅਤੇ ਤੱਥਾਂ ਦੀ ਤਸਦੀਕ ਕੀਤੀ ਜੋ ਸਹੀ ਪਾਈ ਗਈ ਹੈ। ਉਕਤ ਜਾਂਚ ਵਿੱਚ ਪਾਇਆ ਗਿਆ ਕਿ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਉਨਾਂ ਦੇ ਵਾਹਨਾਂ ਦੇ ਚਲਾਨ ਨਾ ਜਾਰੀ ਕਰਨ ਲਈ ਵੱਖ-ਵੱਖ ਟਰਾਂਸਪੋਰਟਰਾਂ ਤੋਂ ਕੁਝ ਨਿੱਜੀ ਵਿਅਕਤੀਆਂ ਰਾਹੀਂ ਮਹੀਨਾਵਾਰ ਰਿਸ਼ਵਤ ਦੀ ਰਕਮ ਵਸੂਲਦਾ ਸੀ।
ਪਤਾ ਲੱਗਾ ਹੈ ਕਿ ਦਸੰਬਰ ਮਹੀਨੇ ਵਿਚ ਉਸ ਨੇ 4 ਲੱਖ ਰੁਪਏ ਰਿਸ਼ਵਤ ਦੀ ਰਕਮ ਪ੍ਰਾਪਤ ਕੀਤੀ ਜਿਸ ਵਿਚੋਂ 1,70,000 ਰੁਪਏ ਖੁਦ ਵਰਤੇ ਅਤੇ ਬਾਕੀ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਹੋਮ ਗਾਰਡ ਵਲੰਟੀਅਰ ਬਹਾਦਰ ਸਿੰਘ ਨੂੰ ਸੌਂਪ ਦਿੱਤੀ।
ਪੜਤਾਲ ਦੌਰਾਨ ਹੋਮ ਗਾਰਡ ਵਲੰਟੀਅਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਹ ਆਰ.ਟੀ.ਏ. ਦਾ ਅਧੀਨ ਕਰਮਚਾਰੀ (ਮਾ-ਤਹਿਤ) ਹੈ ਅਤੇ ਉਸਨੂੰ ਆਰਟੀਏ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਉਹ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਪੇਸ਼ ਕਰ ਸਕਦਾ ਹੈ।
ਇਸ ਸਬੰਧੀ ਐਫ.ਆਈ.ਆਰ ਨੰ. 01 ਮਿਤੀ 6.1.2023 ਨੂੰ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 8 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਓਰੋ ਰੇਂਜ ਦੇ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਅੱਜ ਪੀ.ਐਚ.ਜੀ. ਬਹਾਦਰ ਸਿੰਘ ਨੇ ਦੋਸ਼ੀ ਆਰ.ਟੀ.ਏ. ਵਲੋਂ ਸੌਪੀ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਅੱਜ ਵਿਜੀਲੈਂਸ ਬਿਊਰੋ ਦੇ ਦਫਤਰ ਵਿੱਚ ਪੇਸ਼ ਕਰ ਦਿੱਤੀ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।