Patiala News: ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਖ਼ਰੀਦਿਆ ਝੋਨਾ ਮਹਿੰਗੇ ਭਾਅ ਵੇਚ ਕੇ ਚੋਖਾ ਮੁਨਾਫ਼ਾ ਕਮਾਉਣ ਵਾਲ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਅਜਿਹੇ ਵਿਅਕਤੀਆਂ ਦੀਆਂ ਸਰਗਰਮੀਆਂ ਠੱਲ੍ਹਣ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਜ਼ਿਲ੍ਹੇ ਭਰ ’ਚ ਦਰਜਨ ਭਰ ਅੰਤਰਰਾਜੀ ਨਾਕੇ ਲਾਏ ਹੋਏ ਹਨ।
ਉਧਰ, ਨੋਡਲ ਅਫ਼ਸਰ ਵਜੋਂ ਏਡੀਜੀਪੀ ਨਰੇਸ਼ ਅਰੋੜਾ ਨੇ ਸੋਮਵਾਰ ਨੂੰ ਇਨ੍ਹਾਂ ਨਾਕਿਆਂ ਦੀ ਚੈਕਿੰਗ ਕੀਤੀ। ਏਡੀਜੀਪੀ ਨੇ ਦੱਸਿਆ ਕਿ ਪਟਿਆਲਾ ਸਣੇ ਗੁਆਂਢੀ ਸੂਬਿਆਂ ਨਾਲ਼ ਲੱਗਦੇ ਪੰਜਾਬ ਦੇ 10 ਜ਼ਿਲ੍ਹਿਆਂ ’ਚ ਤਕਰੀਬਨ ਸੌ ਅੰਤਰਰਾਜੀ ਨਾਕੇ ਲਾ ਕੇ ਪੁਲਿਸ ਵੱਲੋਂ ਦਿਨ ਰਾਤ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਰਿਕਾਰਡ ਪੋਰਟਲ ’ਤੇ ਚੜ੍ਹਿਆ ਹੋਇਆ ਹੈ, ਉਨ੍ਹਾਂ ਨੂੰ ਨਾਕਿਆਂ ’ਤੇ ਰੋਕਿਆ ਨਹੀਂ ਜਾਵੇਗਾ।
ਚੈਕਿੰਗ ਦੀ ਸ਼ੁਰੂਆਤ ਏਡੀਜੀਪੀ ਨੇ ਸ਼ੰਭੂ ਬੈਰੀਅਰ ਤੇ ਸਰਾਲਾ ਹੈੱਡ ਤੋਂ ਕੀਤੀ । ਇਸ ਦੌਰਾਨ ਐਸਐਸਪੀ ਵਰੁਣ ਸ਼ਰਮਾ, ਘਨੌਰ ਦੇ ਡੀਐਸਪੀ ਰਘਬੀਰ ਸਿੰਘ, ਸ਼ੰਭੂ ਥਾਣੇ ਦੇ ਮੁਖੀ ਰਾਹੁਲ ਕੌਸ਼ਲ ਤੇ ਘਨੌਰ ਥਾਣੇ ਮੁਖੀ ਗੁਰਨਾਮ ਘੁੰਮਣ ਸਣੇ ਐਸਐਸਪੀ ਦੇ ਰੀਡਰ ਅਵਤਾਰ ਪੰਜੋਲਾ ਵੀ ਮੌਜੂਦ ਸਨ ।
ਆਈਪੀਐਸ ਵਰੁਣ ਸ਼ਰਮਾ ਨੇ ਏਡੀਜੀਪੀ ਨੂੰ ਜਾਣੂ ਕਰਵਾਇਆ ਕਿ ਪਟਿਆਲਾ ਜ਼ਿਲ੍ਹੇ ਦਾ ਕਾਫ਼ੀ ਖੇਤਰ ਹਰਿਆਣਾ ਨਾਲ ਲੱਗਦਾ ਹੋਣ ਕਰਕੇ ਬਾਹਰਲੇ ਰਾਜਾਂ ਤੋਂ ਝੋਨੇ ਦੀ ਆਮਦ ਰੋਕਣ ਲਈ ਸ਼ੰਭੂ ਬੈਰੀਅਰ, ਸਰਾਲਾ ਹੈੱਡ, ਰੌਹੜ ਜਗੀਰ, ਪੁਰਮੰਡੀ, ਬਲਬੇੜਾ, ਬਾਦਸ਼ਾਹਪੁਰ ਤੇ ਢਾਬੀਗੁੱਜਰਾਂ ਆਦਿ ਥਾਈਂ ਚੌਵੀ ਘੰਟੇ ਦਰਜਨ ਭਰ ਅੰਤਰਰਾਜੀ ਨਾਕੇ ਲੱਗੇ ਰਹਿੰਦੇ ਹਨ ।
ਉਧਰ, ਡੀਐਸਪੀ (ਰੂਰਲ) ਗੁਰਦੇਵ ਧਾਲ਼ੀਵਾਲ਼ ਨੇ ਕਿਹਾ ਕਿ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਪੁਲਿਸ ਨੇ ਅਜਿਹੀ ਰਣਨੀਤੀ ਬਣਾਈ ਹੈ ਕਿ ਬਾਹਰਲੇ ਸੂਬਿਆਂ ਤੋਂ ਝੋਨੇ ਸਣੇ ਅਜਿਹੇ ਅਨਸਰਾਂ ਦਾ ਪੰਜਾਬ ’ਚ ਦਾਖ਼ਲ ਹੋਣਾ ਵੀ ਸੰਭਵ ਨਹੀਂ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ । ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।