ਪਟਿਆਲਾ : ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਅਤੇ ਗੈਂਗਸਟਰ ਅਮਰੀਕ ਸਿੰਘ ਨੇ ਪੁਲਿਸ ਰਿਮਾਂਡ ਵਿੱਚ ਕਈ ਖੁਲਾਸੇ ਕੀਤੇ ਹਨ। ਅਮਰੀਕ ਸਿੰਘ, ਪਾਕਿਸਤਾਨ ਦੀ ਖੂਫੀਆ ਏਜੰਸੀ ISI ਨੂੰ ਭਾਰਤੀ ਫੌਜ ਦੀਆਂ ਖੂਫੀਆ ਜਾਣਕਾਰੀਆਂ ਭੇਜਦਾ ਸੀ। ਜਿਸ ਦਾ ਪਤਾ ਲੱਗਣ 'ਤੇ ਪੁਲਿਸ ਨੇ ਉਸ ਦਾ ਰਿਮਾਂਡ ਲਿਆ ਤੇ ਪੁੱਛਗਿੱਛ ਕੀਤੀ।
ਪੁਲਿਸ ਦੀ ਜਾਂਚ ਦੌਰਾਨ ਤਸਕਰ ਅਮਰੀਕ ਸਿੰਘ ਨੇ ਦੱਸਿਆ ਕਿ ਭੋਪਾਲ ਤੋਂ ਇੱਕ ਫੌਜੀ ਮਨਪ੍ਰੀਤ ਸ਼ਰਮਾ ਵੀ ਉਸ ਨਾਲ ਮਿਲਿਆ ਹੋਇਆ ਹੈ। ਅਤੇ ਮਨਪ੍ਰੀਤ ਸ਼ਰਮਾ ਨੇ ਹੀ ਉਸ ਨੂੰ ਸਾਰੀ ਜਾਣਕਾਰੀ ਦਿੱਤੀ ਸੀ। ਫੌਜ ਦੀਆਂ ਗਤੀਵਿਧੀਆਂ ਕੀ ਕੀ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਹੜੀ ਯੂਨਿਟ ਕਿੱਥੇ ਸਥਿਤ ਹੈ ਇਹ ਸਾਰੀ ਜਾਣਕਾਰੀ ਮਨਪ੍ਰੀਤ ਸ਼ਰਮਾ ਨੇ ਅਮਰੀਕ ਸਿੰਘ ਨੂੰ ਦੱਸੀ ਸੀ।
ਉਸ ਵੱਲੋਂ ਖੁਲਾਸਾ ਕਰਨ 'ਤੇ ਹੀ ਪੁਲਿਸ ਵੱਲੋਂ ਫੌਜੀ ਮਨਪ੍ਰੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦਾ ਅੱਜ ਪੰਜ ਦਿਨਾਂ ਪੁਲਿਸ ਰਿਮਾਂਡ ਮਿਲ ਗਿਆ ਹੈ। ਸੀਆਈਏ ਸਟਾਫ ਪਟਿਆਲਾ ਵੱਲੋਂ ਫੌਜੀ ਮਨਪ੍ਰੀਤ ਨੂੰ ਭੋਪਾਲ ਤੋਂ ਫੜ ਕੇ ਲਿਆਂਦਾ ਹੈ। ਇੱਧਰ ਇਹ ਖੁਲਾਸੇ ਹੋਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਆਈ ਬੀ ਅਤੇ ਐਮਆਈ ਵੱਲੋਂ ਵੀ ਇਨ੍ਹਾਂ ਤੋਂ ਪੁੱਛਗਿੱਛ ਕਰਨ ਦੇ ਸੰਕੇਤ ਮਿਲ ਰਹੇ ਹਨ।
ਤਸਕਰ ਅਮਰੀਕ ਸਿੰਘ ਦਾ ਪੁਲਿਸ ਵੱਲੋਂ ਪਹਿਲਾਂ ਦੋ ਦਿਨ ਦਾ ਰਿਮਾਂਡ ਲਿਆ ਗਿਆ ਸੀ ਅਤੇ ਬੀਤੇ ਦਿਨ ਪੁਲਿਸ ਨੂੰ ਮੁੜ 5 ਦਿਨਾਂ ਰਿਮਾਂਡ ਹਾਸਲ ਹੋ ਗਿਆ ਹੈ। ਇਨ੍ਹਾਂ ਦੋਵਾਂ ਨੂੰ ਸੀਆਈਏ ਸਟਾਫ ਵਿਖੇ ਰੱਖਿਆ ਗਿਆ ਹੈ ਜਿੱਥੇ ਕਿ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕ ਸਿੰਘ ਵੱਲੋਂ ਭਾਰਤੀ ਫੌਜ ਨਾਲ ਸਬੰਧਤ ਕਈ ਅਹਿਮ ਜਾਣਕਾਰੀਆਂ ਪਾਕਿਸਤਾਨ ਵਿਖੇ ਸਾਝੀਆਂ ਕੀਤੀਆਂ ਗਈਆਂ ਹਨ। ਜਿਸ ਕਾਰਨ ਭਾਰਤੀ ਏਜੰਸੀਆਂ ਚੌਕਸ ਹੋ ਗਈਆਂ ਹਨ।
ਤਸਕਰ ਅਮਰੀਕ ਸਿੰਘ 'ਤੇ ਕਰੀਬ 18 ਤੋ ਵਧ ਮਾਮਲੇ ਦਰਜ ਹਨ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਜੇਲ੍ਹ ਵਿੱਚੋਂ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਹ ਪੁਲਿਸ ਮੁਲਾਜ਼ਮਾਂ ਨੂੰ 'ਚਕਮਾ ਦੇ ਕੇ ਫਰਾਰ ਵਧਾਇਆ ਹੋ ਗਿਆ ਸੀ। ਇਸ ਮਾਮਲੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਮੁੜ ਕਾਬੂ ਕੀਤਾ ਗਿਆ ਸੀ।
ਸਾਲ 2022 'ਚ ਜਦੋਂ ਅਮਰੀਕ ਸਿੰਘ ਨੂੰ ਪਟਿਆਲਾ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ ਤਾਂ ਪੁਲਿਸ ਨੂੰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਦੀ ਸੂਚਨਾ ਮਿਲੀ ਸੀ ਪਰ ਮੌਕੇ 'ਤੇ ਸਬੂਤ ਨਹੀਂ ਮਿਲ ਸਕੇ ਸਨ। ਪੁਲਿਸ ਵੱਲੋਂ ਜੇਲ੍ਹ ਅੰਦਰ ਮੁਲਜ਼ਮਾਂ ਨਾਲ ਮੁਲਾਕਾਤ ਕਰਨ ਦੀ ਜਾਂਚ ਅਤੇ ਜਾਂਚ ਤੋਂ ਬਾਅਦ ਪੁਲਿਸ ਨੂੰ ਸਬੂਤ ਮਿਲੇ ਅਤੇ ਤੁਰੰਤ ਮਾਮਲਾ ਦਰਜ ਕਰ ਲਿਆ ਸੀ।
ਪਟਿਆਲਾ ਜੇਲ੍ਹ ਵਿੱਚ ਬੰਦ ਅਮਰੀਕ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਮੋਬਾਇਲ ਫੋਨ ਬਰਾਮਦ ਹੋਇਆ। ਜਿਸ ਨੂੰ ਜਾਂਚ ਦੇ ਲਈ ਲੈਬ ਭੇਜਿਆ ਗਿਆ ਸੀ। ਇਸ ਮੋਬਾਇਲ ਫੋਨ ਤੋਂ ਪੁਲਿਸ ਨੂੰ ਅਹਿਮ ਜਾਣਕਾਰੀਆਂ ਮਿਲੀਆਂ ਸੀ ਕਿ ਉਹ ਭਾਰਤੀ ਫੌਜ ਦੀਆਂ ਸਾਰੀਆਂ ਜਾਣਕਾਰੀਆਂ ਪਾਕਿਸਤਾਨ ਦੀ ISI ਏਜੰਸੀ ਨੂੰ ਭੇਜਦਾ ਸੀ ਤੇ ਇਸ ਬਦਲੇ ਉਸ ਨੂੰ ਸਰਹੱਦ ਪਾਰੋਂ ਨਸ਼ੇ ਦੀ ਖੇਪ ਮਿਲਦੀ ਸੀ।