ਸ਼੍ਰਿਮੋਣੀ ਅਕਾਲੀ ਦਲ (SAD) ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦੇ ਸਾਹਮਣੇ ਅੱਜ ਪੇਸ਼ੀ ਹੈ। ਉਨ੍ਹਾਂ ਨੇ 11 ਵਜੇ SIT ਦੇ ਸਾਹਮਣੇ ਪੇਸ਼ ਹੋਣਾ ਹੈ। ਉਨ੍ਹਾਂ ਨੂੰ ਪਟਿਆਲਾ ਪੁਲਿਸ ਲਾਈਨਜ਼ ਵਿਖੇ ਬੁਲਾਇਆ ਗਿਆ ਹੈ। ਛੇ ਦਿਨ ਪਹਿਲਾਂ ਰੂਪਨਗਰ ਰੇਂਜ ਦੇ DIG ਐਚ.ਐੱਸ. ਭੁੱਲਰ ਦੀ ਅਗਵਾਈ ਹੇਠ SIT ਨੇ ਉਨ੍ਹਾਂ ਨੂੰ CRPC ਦੀ ਧਾਰਾ 160 ਅਧੀਨ ਸਮਨ ਜਾਰੀ ਕਰਕੇ ਤਲਬ ਕੀਤਾ ਸੀ।
4 ਮਾਰਚ 2025 ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਰਜ਼ੀ 'ਤੇ ਸੁਣਵਾਈ ਕੀਤੀ ਸੀ। ਜਿਸ ਵਿੱਚ ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਦੀ ਜਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ SIT ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਕੋਰਟ ਨੇ ਸਾਫ਼ ਕਿਹਾ ਸੀ ਕਿ 17 ਮਾਰਚ ਦੀ ਸਵੇਰੇ 11 ਵਜੇ ਬਿਕਰਮ ਮਜੀਠੀਆ ਨੂੰ SIT ਸਾਹਮਣੇ ਪੇਸ਼ ਹੋਣਾ ਪਵੇਗਾ। ਜੇ ਲੋੜ ਪਈ ਤਾਂ 18 ਮਾਰਚ ਨੂੰ ਵੀ ਪੇਸ਼ ਹੋਣਾ ਪਵੇਗਾ।
ਪੰਜਾਬ ਸਰਕਾਰ ਨੇ ਸਹਿਯੋਗ ਨਾ ਕਰਨ ਦੇ ਲਾਏ ਸਨ ਦੋਸ਼
ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਹੇ। ਦੂਜੇ ਪਾਸੇ, ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਰਾਜਨੀਤਿਕ ਕਾਰਨਾਂ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੋਰਟ ਤੋਂ ਪੁੱਛਗਿੱਛ ਲਈ ਤੈਅ ਤਰੀਕਾਂ ਨਿਯਤ ਕਰਨ ਦੀ ਅਪੀਲ ਕੀਤੀ।
2018 ਦੀ STF ਰਿਪੋਰਟ ਦੇ ਆਧਾਰ 'ਤੇ ਕਾਰਵਾਈ
ਦਸੰਬਰ 2021: ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਸਰਕਾਰ ਦੌਰਾਨ, ਡਰੱਗਜ਼ ਰੈਕੇਟ ਮਾਮਲੇ ਵਿੱਚ ਬਿਕਰਮ ਮਜੀਠੀਆ ਵਿਰੁੱਧ FIR ਦਰਜ ਹੋਈ।
ਜਨਵਰੀ 2022: ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।
ਅਗਸਤ 2022: ਹਾਈਕੋਰਟ ਨੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ।
2018 ਦੀ STF ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਸੀ।
ਡਰੱਗਜ਼ ਮਾਮਲੇ ਨਾਲ ਜੁੜੇ ਦੋਸ਼
ਪੰਜਾਬ ਪੁਲਿਸ ਦੇ ਬਰਖਾਸਤ DSP ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿਕਰਮ ਮਜੀਠੀਆ ਦਾ ਨਾਮ ਸਾਹਮਣੇ ਆਇਆ। ਜਗਦੀਸ਼ ਭੋਲਾ ਨੇ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਡਰੱਗਜ਼ ਰੈਕੇਟ ਵਿੱਚ ਸ਼ਾਮਿਲ ਸਨ। ਅੰਮ੍ਰਿਤਸਰ ਦੀ ਫਾਰਮਾ ਕੰਪਨੀ ਦੇ ਬਿੱਟੂ ਔਲਖ ਅਤੇ ਜਗਦੀਸ਼ ਚਹਿਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਮਜੀਠੀਆ ਦਾ ਨਾਮ ਚਰਚਾ 'ਚ ਆਇਆ। ਪੁੱਛਗਿੱਛ ਦੌਰਾਨ ਜਗਦੀਸ਼ ਚਹਿਲ ਨੇ ਖੁਲਾਸਾ ਕੀਤਾ ਕਿ ਬਿਕਰਮ ਮਜੀਠੀਆ ਨੇ ਹਵਾਲੇ ਰਾਹੀਂ 70 ਲੱਖ ਰੁਪਏ ਦਾ ਲੈਣ-ਦੇਣ ਕੀਤਾ ਸੀ।