Patiala News: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਵਿਰਾਸਤ ਹੁਣ ਉਨ੍ਹਾਂ ਦੀ ਧੀ ਜੈਇੰਦਰ ਕੌਰ ਸੰਭਾਲੇਗੀ। ਕੈਪਟਨ ਦੇ ਬੀਜੇਪੀ ਵਿੱਚ ਜਾਣ ਮਗਰੋਂ ਜੈਇੰਦਰ ਕੌਰ ਕਾਫੀ ਸਰਗਰਮ ਹੈ। ਉਨ੍ਹਾਂ ਨੇ ਪਟਿਆਲਾ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਦੂਜੇ ਪਾਸੇ ਬੀਜੇਪੀ ਵੀ ਜੈਇੰਦਰ ਕੌਰ ਉਪਰ ਦਾਅ ਖੇਡਣ ਲਈ ਤਿਆਰ ਹੈ। ਇਸ ਲਈ ਉਨ੍ਹਾਂ ਨੂੰ ਪਾਰਟੀ ਅੰਦਰ ਮੀਤ ਪ੍ਰਧਾਨ ਦਾ ਉੱਚ ਅਹੁਦਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਬੀਜੇਪੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਧੀ ਜੈਇੰਦਰ ਕੌਰ ਨੂੰ ਵੀ ਸੂਬਾਈ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਜਾਟ ਮਹਾਸਭਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਵੀ ਹੈ। ਹਾਲਾਂਕਿ ਕੈਪਟਨ ਤੇ ਉਨ੍ਹਾਂ ਦੀ ਧੀ ਨੇ ਭਾਜਪਾ ਨੂੰ ਚੁਣ ਲਿਆ ਹੈ, ਪਰ ਪਰਨੀਤ ਕੌਰ ਹਾਲੇ ਵੀ ਕਾਂਗਰਸੀ ਸੰਸਦ ਮੈਂਬਰ ਵਜੋਂ ਹੀ ਕਾਰਜਸ਼ੀਲ ਹਨ।
ਭਾਜਪਾ ਲੀਡਰਸ਼ਿਪ ਵੱਲੋਂ ਦਿੱਤੇ ਗਏ ਇਸ ਅਹੁਦੇ ਲਈ ਤਸੱਲੀ ਪ੍ਰਗਟ ਕਰਦਿਆਂ ਜੈਇੰਦਰ ਕੌਰ ਨੇ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸੇ ਦੌਰਾਨ ਭਾਜਪਾ ਵੱਲੋਂ ਪਟਿਆਲਾ ਵਾਸੀ ਕੰਵਰਵੀਰ ਸਿੰਘ ਟੌਹੜਾ ਨੂੰ ‘ਭਾਜਪਾ ਯੁਵਾ ਮੋਰਚਾ’ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੰਵਰਵੀਰ ਟੌਹੜਾ ਪਟਿਆਲਾ ਨਾਲ ਸਬੰਧਤ ਰਹੇ ਪੰਥਕ ਤੇ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਹਨ। ਉਹ ਅਕਾਲੀ ਦਲ ਵੱਲੋਂ ਆਪਣੇ ਪਰਿਵਾਰ ਨੂੰ ਨਜ਼ਰ-ਅੰਦਾਜ਼ ਕਰਨ ਦੇ ਤਰਕ ਤਹਿਤ ਚੋਣਾਂ ਤੋਂ ਪਹਿਲਾਂ ਆਪਣੀ ਪਤਨੀ ਮਹਿਰੀਨ ਕਾਲੇਕਾ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ: Shocking: ਇੱਥੇ ਨਹੀਂ ਹੈ ਕੋਈ ਮਹਿੰਗਾਈ! 5 ਪੈਸੇ ਵਿੱਚ ਮਿਲ ਰਹੀ ਹੈ 35 ਪਕਵਾਨਾਂ ਵਾਲੀ ਥਾਲੀ
ਭਾਜਪਾ ਨੇ ਉਨ੍ਹਾਂ ਨੂੰ 2022 ’ਚ ਅਮਲੋਹ ਤੋਂ ਵਿਧਾਨ ਸਭਾ ਦੀ ਚੋਣ ਵੀ ਲੜਾਈ, ਪਰ ਜਿੱਤ ਨਸੀਬ ਨਾ ਹੋਈ ਪਰ ਹੁਣ ਟੌਹੜਾ ਪਰਿਵਾਰ ਦੇ ਮੈਂਬਰ ਇਸ ਨੌਜਵਾਨ ਨੂੰ ਭਾਜਪਾ ਦੇ ਯੁਵਾ ਮੋਰਚੇ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੇ ਪਿਤਾ ਹਰਮੇਲ ਸਿੰਘ ਟੌਹੜਾ ਅਤੇ ਮਾਤਾ ਕੁਲਦੀਪ ਕੌਰ ਟੌਹੜਾ ਸਮੇਤ ਵੱਡਾ ਭਰਾ ਤੇ ਯੂਥ ਆਗੂ ਹਰਿੰਦਰਪਾਲ ਟੌਹੜਾ ਅਜੇ ਵੀ ਅਕਾਲੀ ਦਲ ਨਾਲ ਖੜ੍ਹੇ ਹਨ।