Patiala News: ਚਿੱਪ ਵਾਲੇ ਬਿਜਲੀ ਮੀਟਰ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪਾਵਰਕੌਮ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਪਾਵਰਕੌਰ ਚਿੱਪ ਵਾਲੇ ਬਿਜਲੀ ਮੀਟਰ ਲਾਈ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਇਹ ਮੀਟਰ ਪੁੱਟ ਕੇ ਬਿਜਲੀ ਦਫਤਰਾਂ ਵਿੱਚ ਜਮ੍ਹਾਂ ਕਰਵਾਈ ਜਾ ਰਹੀਆਂ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਚਿੱਪ ਵਾਲੇ ਮੀਟਰ ਲਾਉਣ ਤੋਂ ਨਾਂ ਹਟੀ ਤਾਂ ਵੱਡੀ ਲੜਾਈ ਵਿੱਢੀ ਜਾਏਗੀ।



ਹਾਸਲ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਦੀ ਟੀਮ ਨੇ ਪਿੰਡ ਕੂਕਾ ਵਿੱਚ ਚਿੱਪ ਵਾਲੇ ਪੰਜ ਮੀਟਰ ਪੁੱਟ ਕੇ ਸਥਾਨਕ ਪਾਵਰਕੌਮ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਚਿੱਪ ਵਾਲੇ ਮੀਟਰ ਯੂਨੀਅਨ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।

ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਦੱਸਿਆ ਕਿ ਜਦੋਂ ਕਿਸੇ ਦਾ ਮੀਟਰ ਖ਼ਰਾਬ ਹੋ ਜਾਵੇ ਜਾਂ ਸੜ ਜਾਂਦਾ ਹੈ ਜਾਂ ਨਵਾਂ ਕੁਨੈਕਸ਼ਨ ਲਗਾਉਣ ਲਈ ਬਿਜਲੀ ਵਿਭਾਗ ਨੂੰ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਵਿਭਾਗ ਵੱਲੋਂ ਬਿਨਾਂ ਦੱਸੇ ਚਿੱਪ ਵਾਲੇ ਮੀਟਰ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ 50-60 ਮੀਟਰ ਵੱਖ ਵੱਖ ਪਿੰਡਾਂ ਵਿੱਚੋਂ ਪੁੱਟ ਕੇ ਵਿਭਾਗ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ ਹਨ ਤੇ ਅੱਗੇ ਤੋਂ ਇਹ ਚਿੱਪ ਵਾਲੇ ਮੀਟਰ ਨਾ ਲਾਏ ਜਾਣ ਸਬੰਧੀ ਜਥੇਬੰਦੀ ਵੱਲੋਂ ਲਿਖ਼ਤੀ ਮੰਗ ਪੱਤਰ ਵੀ ਦਿੱਤੇ ਗਏ ਹਨ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਚਿੱਪ ਵਾਲੇ ਮੀਟਰ ਲਾਉਣ ਤੋਂ ਨਾਂ ਹਟੀ ਤਾਂ ਜਥੇਬੰਦੀਆਂ ਕੋਈ ਵੱਡੀ ਲੜਾਈ ਵਿੱਢਣ ਨੂੰ ਮਜਬੂਰ ਹੋਣਗੀਆਂ ਪਰ ਕਿਸੇ ਵੀ ਕੀਮਤ ’ਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਾਕ ਸਮਾਣਾ ਯਾਦਵਿੰਦਰ ਸਿੰਘ ਕੂਕਾ, ਸੁਬੇਗ ਸਿੰਘ, ਮਾਲਕ ਸਿੰਘ, ਕੁਲਵੰਤ ਸਿੰਘ, ਪੂਰਨ ਸਿੰਘ, ਦਲੇਰ ਸਿੰਘ, ਸੁਖਜਿੰਦਰ ਸਿੰਘ ਕੁਲਾਰਾ ਆਦਿ ਕਿਸਾਨ ਆਗੂ ਹਾਜ਼ਰ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।