Patiala News: ਪਟਿਆਲਾ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 600 ਤੋਂ ਟੱਪ ਗਈ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ 35 ਕੇਸ ਸਾਹਮਣੇ ਆਏ ਜਿਸ ਮਗਰੋਂ ਪ੍ਰਸਾਸ਼ਨ ਚੌਕਸ ਹੋ ਗਿਆ ਹੈ। ਇਨ੍ਹਾਂ ਵਿੱਚੋਂ 22 ਮਰੀਜ਼ ਪਟਿਆਲਾ ਸ਼ਹਿਰ ਵਿੱਚੋਂ ਹਨ। ਜਦੋਂਕਿ 13 ਮਰੀਜ਼ਾਂ ਦਾ ਸਬੰਧ ਦਿਹਾਤੀ ਖੇਤਰਾਂ ਦੇ ਨਾਲ ਹੈ। ਇਸ ਤੋਂ ਇੱਕ ਦਿਨ ਪਹਿਲਾਂ 22 ਕੇਸ ਮਿਲੇ ਸਨ। ਇੱਕ ਮਰੀਜ਼ ਦੀ ਤਾਂ ਡੇਂਗੂ ਕਾਰਨ ਜਾਨ ਵੀ ਜਾ ਚੁੱਕੀ ਹੈ।
ਇਸੇ ਦੌਰਾਨ ਡੇਂਗੂ ਸਬੰਧੀ ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਹਾਲ ਹੀ ’ਚ ਨਵੇਂ ਆਏ ਸਿਵਲ ਸਰਜਨ ਡਾ. ਵਰਿੰਦਰ ਗਰਗ ਨੇ ਅਹੁਦਾ ਸੰਭਾਲ਼ਦਿਆਂ ਹੀ ਮੁੱਖ ਤੌਰ ’ਤੇ ਡੇਂਗੂ ਪ੍ਰਤੀ ਵਧੇਰੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਮੁਲ਼ਾਜ਼ਮਾਂ ਵੱਲੋਂ ਖੜ੍ਹੇ ਪਾਣੀ ’ਤੇ ਡੇਂਗੂ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਥਾਵਾਂ ਤੋਂ ਮਿਲਿਆ ਡੇਂਗੂ ਦਾ ਲਾਰਵਾ ਨਸ਼ਟ ਕਰਵਾ ਦਿੱਤਾ ਗਿਆ ਹੈ।
ਇਸੇ ਦੌਰਾਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋਏ ਵਾਧੇ ਸਬੰਧੀ ਭਾਜਪਾ ਲੀਡਰ ਜੈ ਇੰਦਰ ਕੌਰ ਨੇ ਸਿਵਲ ਸਰਜਨ ਡਾ. ਸੁਰਿੰਦਰ ਗਰਗ ਨਾਲ ਮੁਲਾਕਾਤ ਕਰਕੇ ਇਸ ਦੀ ਰੋਕਥਾਮ ਯਕੀਨੀ ਬਣਾਉਣ ਲਈ ਮੰਗ ਪੱਤਰ ਸੌਂਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਆਮ ਲੋਕਾਂ ਦੀ ਅਣਗਹਿਲੀ ਕਾਰਨ ਪਟਿਆਲਾ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਧੀਨ ਪਟਿਆਲਾ ਵਿੱਚ ਕੋਵਿਡ 19 ਦੇ ਆਉਣ ਤੋਂ ਪਹਿਲਾਂ ਡੇਂਗੂ ਦੇ ਖਤਰੇ ਵਿਰੁੱਧ ਸਖਤ ਲੜਾਈ ਲੜੀ ਗਈ ਸੀ ਤੇ 2019 ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਘਟਾ ਕੇ ਸਿਰਫ ਇੱਕ ਰਹਿ ਗਈ ਸੀ। ਮੌਜੂਦਾ ਸਰਕਾਰ ਸਮੇਂ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ ਵਿੱਚ ਅੱਪੜਨ ਦੀ ਕਾਰਵਾਈ ਸਰਕਾਰ ਦੀ ਨਾਲਾਇਕੀ ਨੂੰ ਸਪੱਸ਼ਟ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਾ ਪੂਰਾ ਸਿਹਤ ਵਿਭਾਗ ਦੇ ਸਹਾਰੇ ਨਾ ਰਹਿਣ ਤੇ ਆਪਣਾ ਧਿਆਨ ਖੁਦ ਵੀ ਰੱਖਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।