Patiala News: ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਮੁੱਲ ’ਚ ਕਟੌਤੀ ਕਰਨ ਦੇ ਫੈਸਲੇ ਵਿਰੁੱਧ 18 ਅਪ੍ਰੈਲ ਨੂੰ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਰੇਲਾਂ ਦੇ ਚੱਕਾ ਜਾਮ ਪ੍ਰੋਗਰਾਮ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਰੇਲਵੇ ਸਟੇਸ਼ਨ ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 


ਇਹ ਫੈਸਲਾ ਮੋਰਚੇ ਵਿੱਚ ਸ਼ਾਮਲ ਪਟਿਆਲਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੀਨੀਅਰ ਕਿਸਾਨ ਆਗੂ ਕੁਲਵੰਤ ਸਿੰਘ ਮੌਲਵੀਵਾਲਾ ਨੇ ਕੀਤੀ। ਮੀਟਿੰਗ ਵਿੱਚ ਰੇਲ ਰੋਕੋ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜ਼ਿੰਮੇਵਾਰੀਆਂ ਦੀ ਵੰਡ ਕਰਨ ਦੇ ਨਾਲ ਨਾਲ ਸ਼ਾਮਲ ਜੱਥੇਬੰਦੀਆਂ ਤੇ ਅਧਾਰਿਤ ਇਕ ਸੰਚਾਲਨ ਕਮੇਟੀ ਵੀ ਬਣਾਈ ਗਈ। ਮੀਟਿੰਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 18 ਅਪ੍ਰੈਲ ਨੂੰ ਸਵਾਰੀ ਗੱਡੀਆਂ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਕਰਨ।


ਜ਼ਿਕਰ ਕਰ ਦਈਏ ਕਿ ਕੇਂਦਰ ਸਰਕਾਰ ਵੱਲੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਸੁੰਗੜੀ ਅਤੇ ਬਦਰੰਗ ਹੋਈ ਕਣਕ ਦੇ ਖਰੀਦ ਮੁੱਲ ਵਿੱਚ ਪ੍ਰਤੀ ਕੁਇੰਟਲ ਵੱਡੀ ਕਟੌਤੀ ਲਗਾਉਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੋਇਆ ਹੈ।ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਨੇ ਕੇਂਦਰ ਸਰਕਾਰ ਦੇ ਇਸ ਕਦਮ ਵਿਰੁੱਧ ਸੂਬੇ ਭਰ ’ਚ 18 ਥਾਵਾਂ ’ਤੇ ਰੇਲਾਂ ਰੋਕਣ ਦਾ ਫੈਸਲਾ ਕੀਤਾ ਹੈ।


ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਟੌਤੀ ਦੀ ਰਕਮ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਦੇ ਐਲਾਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।


ਕੇਂਦਰ ਦੀ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੀ ਜਿੱਤ ਲਈ ਲੜੇ ਗਏ ਇਤਿਹਾਸਕ ਕਿਸਾਨ ਘੋਲ ਵਿੱਚ ਪੰਜਾਬ ਵੱਲੋਂ ਨਿਭਾਈ ਗਈ ਮੋਹਰੀ ਭੂਮਿਕਾ ਕਾਰਨ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਦੇ ਨਾਂ ਹੇਠ ਚੁੱਕੇ ਜਾਣ ਵਾਲੇ ਹਰ ਕਦਮ ਵਿੱਚ ਆਪਣੇ ਕਾਰਪੋਰੇਟ ਮਿੱਤਰਾਂ ਦੇ ਅਰਬਾਂ-ਕਰੋੜਾਂ ਦੇ ਮੁਨਾਫੇ ਦਾ ਹੀ ਖਿਆਲ ਰੱਖਦੀ ਹੈ।


ਉਨ੍ਹਾਂ ਨੇ ਕਣਕ ਦੇ ਖਰੀਦ ਮੁੱਲ ਵਿੱਚ ਕਟੌਤੀ ਕਰਨ ਦੇ ਫੈਸਲੇ ’ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪ੍ਰਭਾਵ ਤਾਂ ਇਹ ਦੇ ਰਹੀ ਹੈ ਕਿ ਉਸਨੇ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਪ੍ਰੰਤੂ ਅਸਲ ਵਿੱਚ ਇਹ ਰਾਹਤ ਨਹੀਂ ‘ਔਰੰਗਜੇਬੀ ਜਜੀਆ’ ਹੈ ਜਿਸ ਨਾਲ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਜੇਬਾਂ ’ਤੇ ਅਰਬਾਂ-ਕਰੋੜਾਂ ਦਾ ਡਾਕਾ ਮਾਰਕੇ ਆਪਣੇ ਕਾਰਪੋਰੇਟ ਮਿੱਤਰਾਂ ਦੀਆਂ ਜੇਬਾਂ ਵਿੱਚ ਇਹ ਰਕਮ ਪਾਉਣਾ ਚਾਹੁੰਦੀ ਹੈ।