Patiala News: ਪੰਚਾਇਤਾਂ ਚੋਣਾਂ ਤੋਂ ਪਹਿਲਾਂ ਹੀ ਸਰਪੰਚਾਂ ਦੀ ਚੋਣ ਸ਼ੁਰੂ ਹੋ ਗਈ ਹੈ। ਸਰਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਰਹੀ ਹੈ। ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚੀ ਲਈ ਬੋਲੀ ਵੀ ਲੱਗ ਰਹੀ ਹੈ। ਸਰਪੰਚੀ ਦੇ ਚਾਹਵਾਨ ਐਲਾਨ ਕਰ ਰਹੇ ਹਨ ਕਿ ਸਰਬਸੰਮਤੀ ਹੋਣ 'ਤੇ ਉਹ ਪਿੰਡ ਨੂੰ ਇੰਨੇ ਲੱਖ ਰੁਪਏ ਦੇਣਗੇ। ਇਸੇ ਤਹਿਤ ਸਨੌਰ ਦੇ ਪਿੰਡ ਜੋਧਪੁਰ ਵਿੱਚ ਬਲਬੀਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਹੋਰ ਪਿੰਡਾਂ ਤੋਂ ਵੀ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ।
ਦੱਸ ਦਈਏ ਕਿ ਪੰਚਾਇਤਾਂ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਦਸੰਬਰ ’ਚ ਹੀ ਸ਼ੁਰੂ ਹੋਣੀ ਹੈ ਪਰ ਇਨ੍ਹਾਂ ਚੋਣਾਂ ਸਬੰਧੀ ਜੋੜ ਤੋੜ ਦੀਆਂ ਸਰਗਰਮੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਇਸੇ ਦੌਰਾਨ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਹਲਕਾ ਸਨੌਰ ਦੇ ਪਿੰਡ ਜੋਧਪੁਰ ਵਿੱਚ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਵਾ ਲਈ ਹੈ ਤੇ ਬਲਬੀਰ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ।
ਅਧਿਕਾਰਤ ਤੌਰ ’ਤੇ ਇਸ ਚੋਣ ਨੂੰ ਮਾਨਤਾ ਦਸੰਬਰ ’ਚ ਸ਼ੁਰੂ ਹੋਣ ਵਾਲੀ ਚੋਣ ਪ੍ਰਕਿਰਿਆ ਦੌਰਾਨ ਹੀ ਮਿਲ ਸਕੇਗੀ ਪਰ ਸਰਬਸੰਮਤੀ ਨਾਲ ਚੁਣਿਆ ਜਾ ਚੁੱਕਿਆ ਬਲਬੀਰ ਸਿੰਘ ਪੰਜਾਬ ਦਾ ਪਲੇਠਾ ਸਰਪੰਚ ਹੈ। ਜੋਧਪੁਰ ਦਾ ਸਰਪੰਚ ਸਰਬਸੰਮਤੀ ਨਾਲ ਚੁਣੇ ਜਾਣ ਦਾ ਦਾਅਵਾ ਕਰਦਿਆਂ, ਬਲਬੀਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਵੀ ਬਹੁਤੀ ਵਾਰ ਉਨ੍ਹਾਂ ਦੇ ਪਿੰਡ ਵਾਸੀ ਪੰਚਾਇਤਾਂ ਸਰਬਸੰਮਤੀ ਨਾਲ ਚੁਣਦੇ ਰਹੇ ਹਨ।
ਦੱਸ ਦਈਏ ਕਿ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਮੁਹਿੰਮ ਵੀ ਵਿੱਢੀ ਹੋਈ ਹੈ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਿੰਡਾਂ ਦੇ ਕੀਤੇ ਜਾ ਰਹੇ ਦੌਰੇ ਮੌਕੇ ਹਲਕਾ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਵਾਸੀਆਂ ਨੂੰ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਕਰਨ ਦਾ ਹੋਕਾ ਦੇ ਰਹੇ ਹਨ।
ਉਹ ਆਪਣੇ ਭਾਸ਼ਣਾਂ ’ਚ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਹ ਆਖਦੇ ਆਮ ਹੀ ਸੁਣੇ ਜਾ ਸਕਦੇ ਹਨ ਕਿ ਉਹ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ਼ ਕੀਤੇ ਜਾਣ ਦੇ ਹਾਮੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕਿਸੇ ਕਾਂਗਰਸੀ ਜਾਂ ਅਕਾਲੀ ਨੂੰ ਸਰਪੰਚ ਚੁਣਨ ਜਾਂ ਫੇਰ ‘ਆਪ’ ਪੱਖੀ ਨੂੰ ਚੁਣਨ ਪਰ ਕੋਸਿਸ਼ ਹੋਵੇ ਕਿ ਚੋਣ ਸਰਬਸੰਮਤੀ ਨਾਲ ਹੋਵੇ।
ਇਸ ਨਾਲ ਜਿਥੇ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ, ਉੱਥੇ ਹੀ ਅਜਿਹੀ ਸੂਰਤ ’ਚ ਪਿੰਡ ਦਾ ਸਰਬਪੱਖੀ ਵਿਕਾਸ ਵੀ ਯਕੀਨੀ ਹੋਵੇਗਾ। ਕਿਉਂਕਿ ਪੰਚਾਇਤਾਂ ਸਰਬਸੰਮਤੀ ਨਾਲ਼ ਚੁਣਨ ਵਾਲ਼ੇ ਪਿੰਡਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: Khedan Watan Punjab Diyan: ਸੀਐਮ ਭਗਵੰਤ ਮਾਨ ਅੱਜ ਬਠਿੰਡਾ 'ਚ ਲਾਉਣਗੇ ਵਾਲੀਬਾਲ ਮੈਚ