Patiala News: ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਪ੍ਰੋਫੈਸਰ ਤੁਹਾਡਾ ਤੇ ਹਰਜੋਤ ਬੈਂਸ ਦਾ ਪੁਤਲਾ ਫੂਕ ਰਹੇ ਹਨ ਕਿਉਂਕਿ ਤੁਹਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਨ੍ਹਾਂ ਨੇ ਕਿਹਾ ਕਿ ਸੁਸਾਈਡ ਵਿੱਚ ਨਾਂ ਹੋਣ ਦੇ ਬਾਵਜੂਦ ਮੰਤਰੀ ਖਿਲਾਫ ਪਰਚਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ।


ਡਾ. ਧਰਮਵੀਰ ਗਾਂਧੀ ਨੇ ਟਵੀਟ ਕਰਕੇ ਕਿਹਾ ਸੀਐਮ ਭਗਵੰਤ ਮਾਨ ਜੀ ਅੱਜ ਇਨ੍ਹਾਂ ਪੜ੍ਹੇ-ਲਿਖੇ ਪ੍ਰੋਫੈਸਰਾਂ ਨੇ ਤੁਹਾਡਾ ਤੇ ਹਰਜੋਤ ਬੈਂਸ ਦਾ ਪੁਤਲਾ ਮਚਾਇਆ ਕਿਉਂਕਿ ਤੁਹਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਚਾਰ ਦਿਨ ਹੋ ਗਏ ਅਜੇ ਤੱਕ ਤੁਹਾਡੀ ਪੁਲਿਸ ਨੇ ਮੰਤਰੀ ਦਾ ਨਾਂ FIR ਵਿੱਚ ਨਹੀਂ ਪਾਇਆ ਸਗੋਂ ਪੁੱਠਾ ਬੱਚੀ ਬਲਵਿੰਦਰ ਕੌਰ ਦੇ ਪਤੀ ਨੂੰ ਹੀ ਅੰਦਰ ਦੇ ਦਿੱਤਾ। 


ਉਨ੍ਹਾਂ ਅੱਗੇ ਲਿਖਿਆ...ਕੀ ਤੁਹਾਡਾ ਮੰਤਰੀ ਹੁਣ ਕਾਨੂੰਨ ਤੋਂ ਉੱਤੇ ਹੈ? ਕੀ ਤੁਹਾਨੂੰ ਸੂਸਾਇਡ ਨੋਟ ਵਿੱਚ ਲਿਖਿਆ ਮੰਤਰੀ ਹਰਜੋਤ ਬੈਂਸ ਦਾ 3 ਵਾਰ ਲਿਖਿਆ ਨਾਂ ਨਹੀਂ ਦਿੱਸਦਾ? ਰਾਤ ਤੁਹਾਡੀ ਪੁਲਿਸ ਕਹਿੰਦੀ ਸਿਸਟਮ ਖਰਾਬ ਹੈ, ਠੀਕ ਹੋਣ ਤੇ ਮੰਤਰੀ ਦਾ ਨਾਂ ਲਿਖਾਂਗੇ? 24 ਘੰਟੇ ਹੋ ਗਏ ਇਹੋਜਾ ਕਿਹੜਾ ਸਿਸਟਮ ਹੈ ਜੋ ਚੱਲਿਆ ਹੀ ਨਹੀਂ? ਪੰਜਾਬ ਸਰਕਾਰ ਮੁਰਦਾਬਾਦ









ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।