Patiala News: ਪੰਜਾਬ ਸਰਕਾਰ ਸਿਹਤ ਮਹਿਕਮੇ ਵਿੱਚ ਸੁਧਾਰ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਪਟਿਆਲਾ ਦੇ ਸਰਕਾਰੀ ਹਸਪਤਾਲ ਰਜਿੰਦਰਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਸਪਤਾਲ ਵਿੱਚ ਦੇਰ ਰਾਤ ਬਿਜਲੀ ਗੁੱਲ ਹੋਣ ਕਾਰਨ ਮਰੀਜ਼ਾਂ ਵਿੱਚ ਹਫੜਾ-ਦਫੜੀ ਮੱਚ ਗਈ। ਗਰਮੀ ਤੋਂ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰ ਪੱਖੇ ਝੱਲਦੇ ਦੇਖੇ ਗਏ। ਇਸ ਦੌਰਾਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਹਾਸਲ ਜਾਣਕਾਰੀ ਮੁਤਾਬਕ ਡਾਕਟਰਾਂ ਨੇ ਟਾਰਚ ਦੀ ਮਦਦ ਨਾਲ ਇਲਾਜ ਕੀਤਾ। ਨਾਰਾਜ਼ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਐਮਰਜੈਂਸੀ ਦੇ ਬਾਹਰ ਧਰਨਾ ਵੀ ਦਿੱਤਾ। ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਡਾਕਟਰ ਟਾਰਚ ਦੀ ਮਦਦ ਨਾਲ ਮਰੀਜ਼ ਦਾ ਇਲਾਜ ਕਰ ਰਹੇ ਹਨ। ਉਧਰ, ਵੀਡੀਓ ਵਾਇਰਲ ਹੋਰ ਮਗਰੋਂ ਸਿਹਤ ਮੰਤਰੀ ਹਰਕਤ ਵਿੱਚ ਆ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਥੇ ਕਰੀਬ 2 ਘੰਟੇ ਬਿਜਲੀ ਗੁੱਲ ਰਹਿੰਦੀ ਹੈ। ਪ੍ਰਸ਼ਾਸਨ ਵੱਲੋਂ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਮਰੀਜ਼ਾਂ ਨੂੰ ਜਨਰੇਟਰ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ।
ਇੱਕ ਮਰੀਜ਼ ਨੇ ਦੋਸ਼ ਲਾਇਆ ਹੈ ਕਿ ਡਾਕਟਰ ਨੇ ਉਸ ਦੇ ਪਿਤਾ ਦੀ ਜਾਂਚ ਕਰਵਾਉਣ ਲਈ ਲਿਖਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਟੈਸਟ ਕਿੱਥੇ ਕਰਵਾਉਣਾ ਹੈ ਤਾਂ ਡਾਕਟਰ ਨੇ ਮਰੀਜ਼ ਨੂੰ ਕਿਤੇ ਹੋਰ ਲਿਜਾਣ ਲਈ ਕਿਹਾ।
ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਇੱਕ ਵਾਰਡ ਵਿੱਚ ਲਾਈਟ ਹੈ ਜਦੋਂਕਿ ਦੋ ਵਾਰਡਾਂ ਵਿੱਚ ਲਾਈਟ ਨਹੀਂ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਹੁਣ ਲਾਈਟ ਵੀ ਨਹੀਂ, ਇਸ ਲਈ ਜੇਕਰ ਉਸ ਦੇ ਪਿਤਾ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ?
ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਜਿਗਰ ਦੀ ਸਮੱਸਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਹਸਪਤਾਲ ਦੀ ਇਹ ਹਾਲਤ ਹੈ ਤਾਂ ਗਰੀਬ ਵਿਅਕਤੀ ਇਲਾਜ ਲਈ ਕਿੱਥੇ ਜਾਵੇ। ਉਨ੍ਹਾਂ ਪੁੱਛਿਆ ਕਿ ਇਸ ਹਾਲਤ ਵਿੱਚ ਉਹ ਮਰੀਜ਼ ਨੂੰ ਕਿੱਥੇ ਲੈ ਕੇ ਜਾਣ। ਅਜਿਹੇ 'ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ 'ਚ ਜਨਰੇਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ।