ਪਟਿਆਲਾ – ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਅੱਜ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।  ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ।  


ਵਿਜੀਲੈਂਸ ਵੱਲੋਂ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਵਿਜੀਲੈਂਸ ਦੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ  ਭਰਤ ਇੰਦਰ ਸਿੰਘ ਚਾਹਲ ਦੇ ਘਰ ਅਤੇ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਪਰ ਸਾਬਕਾ ਸਲਾਹਕਾਰ ਚਾਹਲ ਵਿਜੀਲੈਂਸ ਦੇ ਹੱਥ ਨਹੀਂ ਆਇਆ ਤੇ ਬਾਹਰੋ ਬਾਹਰੀ ਹਾਈ ਕੋਰਟ ਤੋਂ ਜ਼ਮਾਨਤ ਲੈ ਲਈ ਹੈ। 


ਬੀਤੇ ਦਿਨ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਭਗਵੰਤ ਮਾਨ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। 


ਦਰਅਸਲ ਭਰਤ ਇੰਦਰ ਚਾਹਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਰੰਜਿਸ਼ ਦੇ ਚੱਲਦਿਆਂ ਪਿਛਲੀ ਸਰਕਾਰ ਦੇ ਲੀਡਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।


 ਚਾਹਲ ਨੇ ਅਦਾਲਤ ਵਿੱਚ ਕਿਹਾ ਕਿ ਵਿਜੀਲੈਂਸ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ।  ਉਨ੍ਹਾਂ ਨੇ ਆਪਣੇ ਸਾਰੇ ਬੈਂਕ ਖਾਤਿਆਂ, ਜਾਇਦਾਦਾਂ ਤੇ ਆਮਦਨ ਦਾ ਪੂਰਾ ਵੇਰਵਾ ਦੇ ਦਿੱਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰੰਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। 


ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਕਾਰਵਾਈ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਭਰਤ ਇੰਦਰ ਸਿੰਘ ਚਾਹਲ ਨੇ ਆਮਦਨ ਤੋਂ 305 ਫੀਸਦ ਵੱਧ ਜਾਇਦਾਦ ਬਣਾਈ ਹੈ। 


ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਾਰਚ 2017 ਤੋਂ ਸਤੰਬਰ 2021 ਤੱਕ ਸਾਬਕਾ ਮੀਡੀਆ ਸਲਾਹਕਾਰ ਚਾਹਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਆਮਦਨ 7,85,16,905 ਰੁਪਏ ਸੀ ਜਦੋਂਕਿ 31,79,89,011 ਰੁਪਏ ਖਰਚ ਕੀਤੇ ਗਏ, ਜੋ ਕਿ ਆਮਦਨ ਦੇ ਜ਼ਾਹਰਾ ਸਰੋਤਾਂ ਤੋਂ ਲਗਭਗ 305 ਫ਼ੀਸਦ ਵੱਧ ਹਨ। 
 
ਭਰਤ ਇੰਦਰ ਸਿੰਘ ਚਾਹਲ ਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਕਈ ਜਾਇਦਾਦਾਂ ਬਣਾਈਆਂ, ਜਿਨ੍ਹਾਂ ਵਿੱਚ ਸਰਹਿੰਦ ਰੋਡ ਪਟਿਆਲਾ ਉਤੇ ਸਥਿਤ ਦਸਮੇਸ਼ ਲਗਜ਼ਰੀ ਵੈਡਿੰਗ ਰਿਜ਼ੋਰਟ (ਅਲਕਾਜ਼ਾਰ), ਮਿੰਨੀ ਸਕੱਤਰੇਤ ਰੋਡ ਪਟਿਆਲਾ ਉਤੇ 2595 ਗਜ਼ ਦੀ ਪੰਜ ਮੰਜ਼ਿਲਾ ਕਮਰਸ਼ੀਅਲ ਇਮਾਰਤ (ਪਸ਼ੂ ਪਾਲਣ ਵਿਭਾਗ ਦੀ ਸਾਈਟ), ਨਾਭਾ ਰੋਡ 'ਤੇ ਟੋਲ ਪਲਾਜ਼ਾ ਨੇੜੇ ਪਿੰਡ ਕਲਿਆਣ ਵਿਖੇ 72 ਕਨਾਲ 14 ਮਰਲੇ ਜ਼ਮੀਨ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਲਾਹੇੜੀ ਅਤੇ ਹਰਬੰਸਪੁਰਾ ਵਿਖੇ ਵੀ ਜ਼ਮੀਨ ਖਰੀਦੀ ਗਈ ਹੈ।