Patiala News: ‘ਦੂਰ-ਦੁਰਾਡੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਸਿਹਤ ਸੇਵਾਵਾਂ ਦੇਣ ਲਈ ਸਰਕਾਰ ’ਚ 829 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਵਾ ਕਰੋੜ ਮਰੀਜ਼ਾਂ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾ ਚੁੱਕਾ ਹੈ। 


ਹੁਣ ਦੂਰ-ਦੁਰਾਡੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਦੇਣ ਲਈ ਮੋਬਾਈਲ ਮੈਡੀਕਲ ਸਰਵਿਸ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।’ ਇਹ ਗੱਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਐਤਵਾਰ ਨੂੰ ਪੰਚਾਇਤ ਭਵਨ ਤੋਂ ਦੀ ਹੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ 10 ਮੋਬਾਈਲ ਮੈਡੀਕਲ ਸਰਵਿਸ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਕੀਤਾ।


ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਯੋਗ ਸਟਾਫ਼, ਦਵਾਈਆਂ ਤੇ ਸਾਜ਼ੋ-ਸਾਮਾਨ ਨਾਲ ਲੈਸ ਇਨ੍ਹਾਂ 10 ਵੈਨਾਂ ਵਿਚੋਂ ਪੰਜ ਵੈਨਾਂ ਜ਼ਿਲ੍ਹਾ ਪਟਿਆਲਾ ਤੇ ਪੰਜ ਵੈਨਾਂ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਵੈਨਾਂ ਵਿੱਚ ਮੈਡੀਕਲ ਅਫ਼ਸਰ, ਲੈਬ ਟੈਕਨੀਸ਼ੀਅਨ, ਫਾਰਮਾਸਿਸਟ ਤੇ ਸੋਸ਼ਲ ਪ੍ਰੋਟੈਕਸ਼ਨ ਅਫ਼ਸਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕਰਕੇ 180 ਪ੍ਰਕਾਰ ਦੀਆਂ ਦਵਾਈਆਂ ਤੇ 40 ਪ੍ਰਕਾਰ ਦੇ ਲੈਬ ਟੈਸਟ ਵੀ ਲੋੜ ਅਨੁਸਾਰ ਮਰੀਜ਼ਾਂ ਦੇ ਮੁਫ਼ਤ ਕੀਤੇ ਜਾਣਗੇ।


‘ਦ ਹੰਸ ਫਾਊਂਡੇਸ਼ਨ’ ਦੇ ਡਿਪਟੀ ਮੈਨੇਜਰ ਹਰੀਸ਼ ਚੰਦਰਾ ਪਾਂਡੇ ਨੇ ਦੱਸਿਆ ਕਿ ਪਟਿਆਲਾ ਅਤੇ ਸੰਗਰੂਰ ਦੇ ਸਿਵਲ ਸਰਜਨਾਂ ਨਾਲ ਤਾਲਮੇਲ ਕਰ ਕੇ ਦੂਰ ਦੁਰਾਡੇ ਜਾਂ ਜਿਥੇ ਸਿਹਤ ਸੇਵਾਵਾਂ ਕਿਸੇ ਕਾਰਨ ਨਹੀਂ ਪਹੁੰਚ ਰਹੀਆਂ, ਦਾ ਬਲਾਕ ਵਾਈਜ਼ ਪਿੰਡਾਂ ਦਾ ਰੋਸਟਰ ਤਿਆਰ ਕੀਤਾ ਗਿਆ ਹੈ ਤੇ ਇੱਕ ਵੈਨ ਵੱਲੋਂ ਇੱਕ ਮਹੀਨੇ ਵਿੱਚ 24 ਦੇ ਕਰੀਬ ਪਿੰਡਾਂ ਦਾ ਦੌਰਾ ਕਰਕੇ ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। 


ਇਸ ਤੋਂ ਇਲਾਵਾ ਇੱਕ ਪਿੰਡ ਦੀ ਮਹੀਨੇ ਵਿੱਚ ਦੋ ਵਾਰੀ ਵਿਜ਼ਟ ਹੋਵੇਗੀ ਤੇ ਲੋੜ ਪੈਣ ਤੇ ਹਾਈ ਰਿਸਕ ਏਰੀਏ ਨੂੰ ਵੀ ਕਵਰ ਕੀਤਾ ਜਾਵੇਗਾ। ਇਸ ਮੌਕੇ ਪਟਿਆਲਾ ਤੇ ਸੰਗਰੂਰ ਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਤੇ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸਜੇ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਸੰਗਰੂਰ, ਐਸਐਮਓ ਡਾ. ਸੰਜੀਵ ਕੁਮਾਰ ਹਾਜ਼ਰ ਸਨ।