Patiala News: ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੰਜਾਬ ਆਏ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਨੇ ਕਿਹਾ ਹੈ ਕਿ ਕੁਦਰਤੀ ਆਫ਼ਤਾਂ ਸਬੰਧੀ ਭਾਰਤ ਸਰਕਾਰ ਵੱਲੋਂ ਤੈਅ ਨਿਯਮਾਂ ਮੁਤਾਬਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜਾਨੀ ਨੁਕਸਾਨ, ਫ਼ਸਲਾਂ ਤੇ ਘਰਾਂ ਸਮੇਤ ਹੋਰ ਮਾਲੀ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਤੈਅ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਰਵੀਨੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਰਿਪੋਰਟ ਜਲਦੀ ਹੀ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਮੈਮੋਰੰਡਮ ਦੇ ਤੌਰ ’ਤੇ ਰਿਪੋਰਟ ਦੇਵੇਗੀ। ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ਦੀ ਕੇਂਦਰੀ ਅੰਤਰ ਮੰਤਰਾਲਾ ਦੀ ਸੱਤ ਮੈਂਬਰੀ ਟੀਮ ਨੇ ਮੰਗਲਵਾਰ ਨੂੰ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੌਰਾ ਕੀਤਾ। ਟੀਮ ਦੀ ਅਗਵਾਈ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਕਰ ਰਹੇ ਹਨ।
ਦੱਸ ਦਈਏ ਕਿ ਟੀਮ ਨੇ ਭਾਵੇਂ ਨਿੱਜੀ ਤੌਰ ’ਤੇ ਹਲਕਾ ਸਨੌਰ ਦੇ ਰੌਹੜ ਜਗੀਰ ਤੇ ਸ਼ੁਤਰਾਣਾ ਦੇ ਬਾਦਸ਼ਾਹਪੁਰ ਆਦਿ ਪਿੰਡਾਂ ਦਾ ਹੀ ਦੌਰਾ ਕੀਤਾ, ਪਰ ਹੜ੍ਹਾਂ ਦੇ ਸਮੁੱਚੇ ਮੰਜ਼ਰ ਨੂੰ ਨੇੜਿਉਂ ਵਾਚਣ ਵਾਲੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟੀਮ ਨੂੰ ਨੁਕਸਾਨ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਟੀਮ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਡਿਵੀਜ਼ਨਲ ਕਮਿਸ਼ਨਰ ਅਰੁਣ ਸ਼ੇਖੜੀ ਸਮੇਤ ਹੋਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਟੀਮ ਦੇ ਨਾਲ ਹੀ ਰਹੇ ਸਨੌਰ ਤੇ ਸ਼ੁਤਰਾਣਾ ਦੇ ਵਿਧਾਇਕਾਂ ਹਰਮੀਤ ਸਿੰਘ ਪਠਾਣਮਾਜਰਾ ਤੇ ਕੁਲਵੰਤ ਸਿੰਘ ਨੇ ਵੀ ਆਪੋ ਆਪਣੇ ਹਲਕਿਆਂ ’ਚ ਹੋਏ ਨੁਕਸਾਨ ਸਬੰਧੀ ਜਾਣੂ ਕਰਵਾਇਆ। ਇਸ 7 ਮੈਂਬਰੀ ਕੇਂਦਰੀ ਟੀਮ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਬੀਕੇ ਸ੍ਰੀਵਾਸਤਵਾ, ਇਸਰੋ ਦੇ ਰੀਮੋਟ ਸੈਂਸਿੰਗ ਵਿਭਾਗ ਤੇ ਡੀਐਮਐਸਜੀ ਦੇ ਫਲੱਡ ਮੈਪਿੰਗ ਮੁਖੀ ਸਾਇੰਸ ਇੰਜਨੀਅਰ ਡਾ. ਏਵੀ ਸੁਰੇਸ਼ ਬਾਬੂ, ਵਿੱਤ ਮੰਤਰਾਲੇ ਦੇ ਸਹਾਇਕ ਡਾਇਰੈਕਟਰ ਅੰਜਲੀ ਮੌਰਿਆ ਤੇ ਰੋਡ ਤੇ ਟਰਾਂਸਪੋਰਟ ਮੰਤਰਾਲੇ ਦੇ ਨਵੀਨ ਕੁਮਾਰ ਚੌਰਸੀਆ ਮੈਂਬਰ ਵਜੋਂ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।