Patiala News: ਨਦੀ ਵਿੱਚ ਡੁੱਬ ਕੇ ਮਰਨ ਵਾਲੇ ਨੌਜਵਾਨਾਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਉਹ ਨਸ਼ਾ ਛੁਡਾਊ ਕੇਂਦਰ ਵਿੱਚੋਂ ਭੱਜੇ ਸਨ ਤੇ ਉਨ੍ਹਾਂ ਨੂੰ ਫੜਨ ਲਈ ਪਿੱਛਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹ ਨਦੀ ’ਚ ਉੱਤਰ ਗਏ ਤੇ ਡੁੱਬ ਨੇ ਮਰ ਗਏ। ਇਹ ਦਾਅਵਾ ਪਟਿਆਲਾ ਪੁਲਿਸ ਨੇ ਕੀਤਾ ਹੈ।


 



ਹਾਸਲ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਵੱਡੀ ਨਦੀ ਵਿੱਚ ਡੁੱਬ ਕੇ ਮਰਨ ਵਾਲੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਗਈ ਹੈ। ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਗਿੱਲ ਦੀ ਰਾਤ ਭਰ ਦੀ ਮਿਹਨਤ ਨੇ ਉਲਝੀ ਤਾਣੀ ਸੁਲਝਾ ਦਿੱਤੀ ਹੈ। ਦੋਵੇਂ ਨੌਜਵਾਨਾ ਦੀ ਪਛਾਣ ਪਟਿਆਲਾ ਦੇ ਸਾਹਿਲ ਤੇ ਗੋਪੀ ਵਜੋਂ ਹੋਈ ਹੈ। 



ਪੁਲਿਸ ਮੁਤਾਬਕ ਨਸ਼ੇ ਦੀ ਲਤ ਤੋਂ ਖਹਿੜਾ ਛੁਡਾਉਣ ਲਈ ਇਨ੍ਹਾਂ ਦੇ ਪਰਿਵਾਰ ਇਨ੍ਹਾਂ ਦਾ ਹਰਿਆਣਾ ਦੇ ਅੰਬਾਲਾ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚੋਂ ਇਲਾਜ ਕਰਵਾ ਰਹੇ ਸਨ। ਉਹ ਆਪਣੇ ਦੋ ਹੋਰ ਸਾਥੀਆਂ ਸਣੇ ਉਥੋਂ ਦੇ ਪ੍ਰਬੰਧਕਾਂ ਨੂੰ ਚਕਮਾ ਦੇ ਕੇ ਭੱਜ ਆਏ ਸਨ। ਪਿੱਛਾ ਕਰਦੇ ਹੋਏ ਕੇਂਦਰ ਦੇ ਨੁਮਾਇੰਦੇ ਤੋਂ ਬਚਣ ਲਈ ਉਹ ਪਟਿਆਲਾ ਸ਼ਹਿਰ ਦੇ ਚੜ੍ਹਦੇ ਪਾਸੇ ਸਥਿਤ ਵੱਡੀ ਨਦੀ ’ਚ ਉਤਰ ਗਏ। ਇਸ ਦੌਰਾਨ ਦੋ ਜਣੇ ਨਦੀ ਦੀ ਦਲਦਲ ਵਿੱਚ ਧਸ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। 



ਇਸੇ ਦੌਰਾਨ ਮੰਗਲਵਾਰ ਨੂੰ ਨਦੀ ਵਿੱਚੋਂ ਉਸੇ ਥਾਂ ਨੇੜੇ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲੀ ਹੈ। ਕੋਤਵਾਲ ਸੁਖਵਿੰਦਰ ਗਿੱਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਦੀ ਪਛਾਣ ਨਹੀਂ ਹੋਈ। ਉਂਜ ਉਨ੍ਹਾਂ ਦਾ ਕਹਿਣਾ ਸੀ ਕਿ ਹਾਲਾਤ ਤਾਂ ਇਹੀ ਕਹਿੰਦੇ ਹਨ ਕਿ ਇਹ ਲਾਸ਼ ਵੀ ਨਸ਼ਾ ਛੁਡਾਊ ਕੇਂਦਰ ਦੇ ਹੀ ਕਿਸੇ ਮਰੀਜ਼ ਦੀ ਹੋ ਸਕਦੀ ਹੈ ਪਰ ਅਜੇ ਇਸ ਬਾਬਤ ਸਥਿਤੀ ਸਪੱਸ਼ਟ ਨਹੀਂ ਹੋ ਸਕੀ।


ਸਾਹਿਲ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੋਤਵਾਲੀ ’ਚ ਕੇਂਦਰ ਦੇ ਮਾਲਕ ਸਣੇ ਤਿੰਨ ਮੁਲਾਜ਼ਮਾਂ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦਾ ਲੜਕਾ, ਜਦੋਂ ਕੇਂਦਰ ਵਿੱਚੋਂ ਭੱਜ ਆਇਆ, ਤਾਂ ਨਸ਼ਾ ਛੁਡਾਊ ਕੇਂਦਰ ਦੀ ਟੀਮ ਨੇ ਪਿੱਛਾ ਕੀਤਾ। ਟੀਮ ਤੋਂ ਡਰਦਿਆਂ ਹੀ ਉਹ ਨਦੀ ’ਚ ਉਤਰ ਗਏ ਤੇ ਮੌਤ ਦੇ ਮੂੰਹ ’ਚ ਜਾ ਪਏ।