Patiala News: ਕੁੱਟਮਾਰ ਦੇ ਸ਼ਿਕਾਰ ਨਾਭਾ ਦੇ ਜਿੰਮ ਟ੍ਰੇਨਰ ਦੀ ਮੌਤ ਹੋ ਗਈ ਹੈ। ਜਿੰਮ ਟ੍ਰੇਨਰ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਉਪਰ ਹੀ ਕਤਲ ਦੇ ਇਲਜ਼ਾਮ ਲਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਰੰਜਿਸ਼ ਕਰਕੇ ਦੋਸਤਾਂ ਨੇ ਹੀ ਪ੍ਰੀਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਰਕੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਨਾਭਾ ਦੇ ਜਿੰਮ ਟ੍ਰੇਨਰ ਹਰਪ੍ਰੀਤ ਸਿੰਘ ਉਰਫ ਪ੍ਰੀਤੀ 26 ਸਾਲਾ ਦੀ ਕੁਝ ਦਿਨ ਪਹਿਲਾਂ ਦੋਸਤਾਂ ਨੇ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਪਿਛਲੇ ਕਈ ਦਿਨਾਂ ਤੋਂ ਪੀੜਤ ਨੌਜਵਾਨ ਹਸਪਤਾਲ ਵਿੱਚ ਕੋਮਾ ਵਿੱਚ ਜੇਰੇ ਇਲਾਜ ਸੀ। ਅੱਜ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮੁਲਜ਼ਮ ਦੋਸਤਾਂ ਖਿਲਾਫ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਨਾਭਾ ਦੇ ਪਾਰਬਤੀ ਖੋਖੇ ਦੇ ਨਜ਼ਦੀਕ 10 ਫਰਵਰੀ ਨੂੰ 26 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਜਿਮ ਟ੍ਰੇਨਰ ਦੀ ਅੱਧਾ ਦਰਜਨ ਦੋਸਤਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਪੀੜਤ ਪ੍ਰੀਤੀ ਕਈ ਦਿਨ ਮੌਤ ਤੇ ਜਿੰਦਗੀ ਦੀ ਜੰਗ ਲੜਦਾ ਰਿਹਾ ਤੇ ਆਖਰ ਅੱਜ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੀੜਤ ਦੀ ਪਤਨੀ, ਭੈਣ ਤੇ ਮਾਤਾ ਨੇ ਕਤਲ ਦੇ ਇਲਜ਼ਾਮ ਉਸ ਨਾਲ ਜਿਮ ਕਰਦੇ ਕਰੀਬ ਅੱਧੀ ਦਰਜਨ ਦੋਸਤਾਂ ਉੱਪਰ ਹੀ ਲਾਏ ਹਨ।
ਇਸ ਮੌਕੇ ਮ੍ਰਿਤਕ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਦੀ ਪਤਨੀ ਮਨਜੀਤ ਕੌਰ, ਭੈਣ ਮਾਹੀ ਤੇ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਪ੍ਰੀਤੀ ਨੂੰ ਘਰੋਂ ਉਸ ਦੇ ਦੋਸਤ ਲੈ ਗਏ ਸਨ ਤੇ ਉਹ ਉਸ ਤੋਂ ਖੁੰਦਕ ਖਾਂਦੇ ਸਨ ਕਿ ਉਸ ਦਾ ਸਰੀਰ ਬਹੁਤ ਵਧੀਆ ਸੀ। ਜਦੋਂ ਵੀ ਉਹ ਕਿਤੇ ਇਕੱਠੇ ਜਾਂਦੇ ਸਨ ਤਾਂ ਪ੍ਰੀਤੀ ਦੀ ਪ੍ਰਸ਼ੰਸਾ ਹੁੰਦੀ ਸੀ ਪਰ ਉਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ। ਇਸ ਕਰਕੇ ਉਨ੍ਹਾਂ ਨੇ ਉਸ ਨੂੰ ਮਾਰ ਮੁਕਾਇਆ।
ਇਸ ਬਾਬਤ ਨਾਭਾ ਕੋਤਵਾਲੀ ਦੇ ਐਸਐਚਓ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਪਹਿਲਾਂ ਅਸੀਂ 307 ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਮ੍ਰਿਤਕ ਹਰਪ੍ਰੀਤ ਸਿੰਘ ਉਰਫ਼ ਪ੍ਰੀਤੀ ਦੀ ਮੌਤ ਤੋਂ ਬਾਅਦ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਉਰਫ ਪ੍ਰੀਤੀ ਜਿਮ ਟ੍ਰੇਨਰ ਸੀ ਤੇ ਦੋਸਤਾਂ ਦੇ ਹੀ ਉੱਪਰ ਕਤਲ ਦੇ ਇਲਜ਼ਾਮ ਲੱਗੇ ਹਨ ਤੇ ਉਨਾਂ ਦੀ ਅਸੀਂ ਭਾਲ ਸ਼ੁਰੂ ਕਰ ਦਿੱਤੀ ਹੈ।