Patiala Crime news: ਨਸ਼ਿਆਂ ਨੇ ਤਾਂ ਦੁਨੀਆ ਦਾ ਬੇੜਾ ਹੀ ਗਰਕ ਕੀਤਾ ਹੋਇਆ ਹੈ। ਜਿਸ ਕਰਕੇ ਦਿਨੋਂ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਜਿੱਥੇ ਨਸ਼ੇੜੀ ਦੋਸਤਾਂ ਨੇ ਲਾਲਚ ਦੇ ਵਿੱਚ ਆ ਕੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਆਈਫੋਨ ਤੇ ਐੱਪਲ ਵਾਚ ਦੇ ਲਾਲਚ ਨੇ ਦੋ ਦੋਸਤਾਂ ਨੂੰ ਕਾਤਲ ਬਣਾ ਦਿੱਤਾ। ਨਾਭਾ ਦੇ ਅਜਨੌਦਾ ਕਲਾਂ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦਾ ਆਈਫੋਨ ਅਤੇ ਐਪਲ ਵਾਚ ਕਰਕੇ ਉਸਦੇ ਦੋ ਦੋਸਤਾਂ ਨੇ ਕਤਲ ਕਰ ਦਿੱਤਾ। ਪੁਲਿਸ ਨੇ 10 ਦਿਨਾਂ ਬਾਅਦ ਉਸ ਦੇ ਦੋ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਇਸ ਸਬੰਧੀ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਨੇ ਮਿਲ ਕੇ ਨਸ਼ੇ ਦਾ ਸੇਵਨ ਕੀਤਾ ਸੀ, ਜਿਸ ਤੋਂ ਬਾਅਦ ਲਾਲਚ ਕਾਰਨ ਇਨ੍ਹਾਂ ਨੇ ਕਤਲ ਕਰ ਦਿੱਤਾ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।



ਇਹ ਸੀ ਪੂਰਾ ਮਾਮਲਾ


ਇਸ ਸਬੰਧੀ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ 17 ਅਕਤੂਬਰ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਮੈਹਸ ਨਹਿਰ ਦੀ ਪਟੜੀ ’ਤੇ ਮਿਲੀ ਸੀ। ਮ੍ਰਿਤਕ ਦੀ ਜੇਬ ’ਚੋਂ ਇੱਕ ਵਾਹਨ ਪ੍ਰਦੂਸ਼ਣ ਚੈਕਿੰਗ ਦੀ ਪਰਚੀ ਮਿਲੀ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਵਾਹਨ ਅਮਰਿੰਦਰ ਸਿੰਘ ਵਾਸੀ ਪਟਿਆਲਾ ਦੇ ਨਾਮ ’ਤੇ ਰਜਿਸਟਰ ਹੈ। ਅਮਰਿੰਦਰ ਸਿੰਘ ਨਾਲ ਤਾਲਮੇਲ ਕਰਨ ’ਤੇ ਸਾਹਮਣੇ ਆਇਆ ਕਿ ਮ੍ਰਿਤਕ ਦਾ ਨਾਮ ਗੁਰਜਿੰਦਰ ਸਿੰਘ ਉਰਫ ਗੈਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਅਜਨੌਦਾ ਕਲਾਂ ਥਾਣਾ ਭਾਦਸੋਂ ਹੈ।


ਇਸ ਅੰਨ੍ਹੇ ਕਤਲ ਨੂੰ ਸੁਲਝਾਉਣ ਲਈ ਮ੍ਰਿਤਕ ਦੇ ਮੋਬਾਈਲ ਦੀ ਕਾਲ ਡਿਟੇਲ ਦੀ ਪੜਤਾਲ ਕਰਨ ਅਤੇ ਹੋਰ ਤਕਨੀਕੀ ਢੰਗ ਨਾਲ ਡੂੰਘਾਈ ਨਾਲ ਜਾਂਚ ਕਰਨ ਤੋਂ ਸਾਹਮਣੇ ਆਇਆ ਕਿ ਮ੍ਰਿਤਕ ਗੈਰੀ ਤੇ ਮੁਲਜ਼ਮ ਸਿਮਰਨਜੀਤ ਸਿੰਘ ਦੋਵੇਂ ਨਸ਼ੇ ਕਰਨ ਦੇ ਆਦੀ ਸਨ ਅਤੇ ਇਹ ਹਿਮਾਚਲ ਪ੍ਰਦੇਸ਼ ਦੇ ਨਸ਼ਾ ਛੁਡਾਓ ਕੇਂਦਰ ’ਚ ਦਾਖਲ ਸਨ, ਜਿੱਥੇ ਦੋਵਾਂ ਦੀ ਦੋਸਤੀ ਹੋਈ ਸੀ।


ਐੱਸਐੱਸਪੀ ਨੇ ਦੱਸਿਆ ਕਿ ਗੈਰੀ ਨੂੰ ਸਿਮਰਨਜੀਤ ਨੇ 15 ਅਕਤੂਬਰ ਨੂੰ ਫੋਨ ਕਰਕੇ ਆਪਣੇ ਘਰ ਹੀਰਾ ਮਹਿਲ ਬੁਲਾਇਆ। ਉਸ ਦਾ ਐਪਲ ਦਾ ਮੋਬਾਈਲ, ਘੜੀ, ਮੋਟਰਸਾਈਕਲ, ਹੋਰ ਸਾਮਾਨ ਤੇ ਪੈਸੇ ਹੜੱਪਣ ਦੀ ਨੀਯਤ ਨਾਲ ਯੋਜਨਾ ਬਣਾ ਕੇ ਨਸ਼ਾ ਦੇ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸਕੂਟਰੀ ’ਤੇ ਲੱਦ ਕੇ ਮੈਹਸ ਪੁੱਲ ਨਹਿਰ ਕੋਲ ਸੁੱਟ ਦਿੱਤੀ।


ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਵਾਰਦਾਤ ਸਮੇਂ ਵਰਤੀ ਗਈ ਸਕੂਟਰੀ ਬਰਾਮਦ ਕਰਵਾਈ ਗਈ ਹੈ। ਫੜੇ ਗਏ ਦੋਵੇਂ ਮੁਲਜ਼ਮਾਂ ਨੇ ਦੱਸਿਆ ਕਿ 15 ਅਕਤੂਬਰ ਦੀ ਰਾਤ ਨੂੰ ਇਨ੍ਹਾਂ ਵਿਅਕਤੀਆਂ ਨੇ ਇਕੱਠੇ ਨਸ਼ੇ ਦਾ ਸੇਵਨ ਕੀਤਾ ਸੀ। ਇਹ ਕਤਲ ਲਾਲਚ ਕਾਰਨ ਹੋਇਆ ਹੈ।