Patiala News: ਜਿਵੇਂ-ਜਿਵੇਂ ਤਾਪਮਾਨ ਵਧਦਾ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਲੋਕ ਸਭਾ ਦਾ ਸਿਆਸੀ ਅਖਾੜਾ ਵੀ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਤਹਿਤ ਨਾਭਾ ਵਿਖੇ ਪਹੁੰਚੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਹਾਜ਼ਰ ਰਹੇ। 


ਇਸ ਮੌਕੇ ਧਰਮਵੀਰ ਗਾਂਧੀ ਨੇ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਉਪਰ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਬੀਜੇਪੀ ਦੀ ਉਮੀਦਵਾਰ ਦੇ ਪ੍ਰਚਾਰ ਵਿੱਚ ਧੱਕਾ-ਮੁੱਕੀ ਦੌਰਾਨ ਕਿਸਾਨ ਦੀ ਮੌਤ ਹੋ ਗਈ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਪਰ ਪ੍ਰਨੀਤ ਕੌਰ ਉਸ ਭਾਜਪਾ ਦਾ ਹਿੱਸਾ ਬਣ ਗਈ ਹੈ ਜੋ 750 ਕਿਸਾਨਾਂ ਦੀ ਕਾਤਲ ਹੈ। 


ਇਸ ਮੌਕੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਸਾਨ ਦੀ ਮੌਤ ਉਪਰ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਪ੍ਰਨੀਤ ਕੌਰ ਜਾਂ ਉਸ ਦਾ ਕੋਈ ਪਰਿਵਾਰਕ ਮੈਂਬਰ ਕਿਸਾਨ ਦੇ ਘਰ ਦੁੱਖ ਪ੍ਰਗਟ ਕਰਨ ਲਈ ਜਾਵੇਗਾ ਪਰ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੋਈ ਵੀ ਕਿਸਾਨ ਦੇ ਘਰ ਨਹੀਂ ਪਹੁੰਚਿਆ। ਕਾਕਾ ਰਣਦੀਪ ਸਿੰਘ ਨੇ ਆਪਣੀ ਰਿਹਾਇਸ਼ 'ਤੇ ਪਹੁੰਚੇ ਡਾ. ਗਾਂਧੀ ਦਾ ਸਵਾਗਤ ਕੀਤਾ ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। 


ਡਾ. ਗਾਂਧੀ ਨੇ ਕਿਹਾ ਕਿ ਕਾਕਾ ਰਣਦੀਪ ਸਿੰਘ ਨਾਭਾ ਦੀ ਬਹੁਤ ਹੀ ਵੱਡੀ ਦਿੱਖ ਹੈ ਤੇ ਜਿਹੜਾ ਹਜੂਮ ਅੱਜ ਇਕੱਠਾ ਹੋਇਆ ਹੈ, ਉਸ ਤੋਂ ਸਾਫ ਜ਼ਾਹਰ ਹੈ ਕਿ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ। ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ।


ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਡਾ. ਗਾਂਧੀ ਸੰਸਦ ਵਿੱਚ ਜਾ ਕੇ ਨਾਭੇ ਨੂੰ ਜ਼ਿਲ੍ਹੇ ਦਾ ਦਰਜਾ ਦਵਾਉਣਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਨਾਭਾ ਰਿਆਸਤ ਨੂੰ ਜ਼ਿਲ੍ਹੇ ਦਾ ਦਰਜਾ ਨਹੀਂ ਦਿੱਤਾ ਤੇ ਉਨ੍ਹਾਂ ਵੱਲੋਂ ਮਲੇਰਕੋਟਲਾ ਤੇ ਬਰਨਾਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।