Patiala News: ਪਟਿਆਲਾ ਹਲਕੇ ਤੋਂ ਬੀਜੇਪੀ ਦੀ ਉਮੀਦਵਾਰ ਪ੍ਰਨੀਤ ਕੌਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਸਾਨ ਹੁਣ ਆਰਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਇਸ ਲਈ ਕਿਸਾਨ ਜਥੇਬੰਦੀਆਂ ਪ੍ਰਨੀਤ ਕੌਰ ਦੀ ਪਟਿਆਲਾ ਸਥਿਤ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਅੱਗੇ ਧਰਨਾ ਲਾ ਰਹੀਆਂ ਹਨ। ਚੋਣਾਂ ਦੇ ਮਾਹੌਲ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਨੀਤ ਕੌਰ ਲਈ ਵੱਡੀ ਮੁਸੀਬਤ ਬਣ ਗਿਆ ਹੈ।
ਦਰਅਸਲ ਪਿੰਡ ਸੇਹਰਾ ਵਿੱਚ 4 ਮਈ ਨੂੰ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰੋਗਰਾਮ ਦੌਰਾਨ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਹੋ ਗਈ ਸੀ। ਕਿਸਾਨ ਦਾ ਸਸਕਾਰ ਅਜੇ ਤੱਕ ਨਹੀਂ ਕੀਤਾ ਗਿਆ। ਕਿਸਾਨ ਆਗੂ ਮ੍ਰਿਤਕ ਨੂੰ ਸ਼ਹੀਦ ਐਲਾਨ ਕੇ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕਰ ਰਹੇਣ ਹਨ।
ਇਸ ਤੋਂ ਇਲਾਵਾ ਕਿਸਾਨ ਦੀ ਮੌਤ ਸਬੰਧੀ ਦਰਜ ਕੇਸ ’ਚ ਸ਼ਾਮਲ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਹੈ। ਇਸ ਸਬੰਧੀ ਕਿਸਾਨ ਧਿਰਾਂ ਵੱਲੋਂ 7 ਮਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ। ਮੰਗਾਂ ਪੂਰੀਆਂ ਨਾ ਹੋਣ ਕਰਕੇ ਅੱਜ ਪ੍ਰਨੀਤ ਕੌਰ ਦੀ ਪਟਿਆਲਾ ਸਥਿਤ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਕਿ ਕਿਸਾਨਾਂ ਨੇ 4 ਮਈ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੇਹਰਾ ਵਿੱਚ ਚੋਣ ਪ੍ਰੋਗਰਾਮ ਦੌਰਾਨ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਹੋਈ ਧੱਕਾ ਮੁੱਕੀ ਮਗਰੋਂ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਹੋ ਗਈ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਖੇੜੀ ਗੰਡਿਆਂ ਪੁਲਿਸ ਵੱਲੋਂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਅੱਜ ਕਿਸਾਨ ਮੋਤੀ ਮਹਿਲ ਨੂੰ ਘੇਰਨਗੇ। ਉਧਰ, ਕਿਸਾਨ ਆਗੂ ਮਨਜੀਤ ਘੁਮਾਣਾ, ਮਨਜੀਤ ਨਿਆਲ ਤੇ ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨਾਂ ਦਾ ਧਰਨਾ ਅੱਜ 85ਵੇਂ ਦਿਨ ਤੇ ਤਿੰਨ ਕਿਸਾਨਾਂ ਦੀ ਰਿਹਾਈ ਲਈ ਸ਼ੰਭੂ ਰੇਲਵੇ ਟਰੈਕ ’ਤੇ ਧਰਨਾ 22ਵੇਂ ਦਿਨ ’ਚ ਸ਼ਾਮਲ ਹੋ ਗਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ 22 ਮਈ ਨੂੰ ਸ਼ੰਭੂ, ਢਾਬੀਗੁੱਜਰਾਂ, ਡੱਬਵਾਲੀ ਤੇ ਰਤਨਪੁਰਾ ਬਾਰਡਰਾਂ ’ਤੇ ਸਮਾਗਮ ਹੋਣਗੇ।