Patiala News: ਪੀਆਰਟੀਸੀ ਦੇ ਕਾਮਿਆਂ ਵੱਲੋਂ ਬੱਸਾਂ ’ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਸਬੰਧੀ ਪੈਦਾ ਹੋਏ ਰੇੜਕੇ ਦੌਰਾਨ ਲੋਕਾਂ ਦੀ ਖੱਜਲ਼ ਖੁਆਰੀ ਜਾਰੀ ਹੈ। ਪੀਆਰਟੀਸੀ ਵਰਕਰਾਂ ਵੱਲੋਂ ਰੋਸ ਪ੍ਰਗਟਾਉਣ ਦੇ ਇਸ ਤਰੀਕੇ ਤੋਂ ਜਿੱਥੇ ਸਰਕਾਰ ਪ੍ਰੇਸ਼ਾਨ ਹੈ, ਉੱਥੇ ਹੀ ਆਸ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੀਆਰਟੀਸੀ ਵਰਕਰਾਂ ਨੂੰ ਚੇਤਾਵਨੀ ਦਿੱਤੀ ਹੈ।



ਪੀਆਰਟੀਸੀ ਵਰਕਰਾਂ ਦੇ ਇਸ ਐਕਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਹੈ ਕਿ ਸਰਕਾਰ ਲੋਕ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਜਿਸ ਕਰਕੇ ਅਜਿਹੀ ਖੱਜਲ-ਖੁਆਰੀ ਵਾਲੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਵੱਲੋਂ ਅਪਣਾਇਆ ਜਾ ਰਿਹਾ ਇਹ ਰਾਹ ਵਾਜਬ ਨਹੀਂ ਕਿਉਂਕਿ ਇਸ ਨਾਲ਼ ਜਿਥੇ ਲੋਕ ਖੱਜਲ ਹੋ ਰਹੇ ਹਨ, ਉਥੇ ਹੀ ਅਜਿਹੇ ’ਚ ਪੀਆਰਟੀਸੀ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। 



ਇਸ ਸਬੰਧੀ ਸ਼ਿਕਾਇਤਾਂ ਲੈ ਕੇ ਪੁੱਜੇ ਲੋਕਾਂ ਤੇ ਹੋਰਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਤੋਂ ਹੀ ਪੁਰਾਣੇ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਲਈ ਹਾਂ ਪੱਖੀ ਫੈਸਲੇ ਲੈਂਦਿਆਂ ਨਵੀਆਂ ਤੇ ਯੋਗ ਭਰਤੀਆਂ ਸਮੇਤ ਲੋਕ ਪੱਖੀ ਫੈਸਲਿਆਂ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਸ ਕਰਕੇ ਲੋਕਾਂ ਨੂੰ ਖੱਜਲ਼ ਖੁਆਰ ਕਰਨ ਦਾ ਇਹ ਵਰਤਾਰਾ ਠੀਕ ਨਹੀਂ ਹੈ। 


ਉਨ੍ਹਾਂ ਹੋਰ ਕਿਹਾ ਕਿ ਕੁਝ ਵਿਰੋਧੀ ਸ਼ਕਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪ੍ਰਾਈਵੇਟ ਫਰਮਾਂ ਨੂੰ ਲਾਭ ਪਹੁੰਚਾਓਣ ਲਈ ਸਰਕਾਰੀ ਬੱਸਾਂ ’ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਫੈਸਲਾ ਪੀਆਰਟੀਸੀ ਵੱਲੋਂ ਲਿਆ ਗਿਆ ਹੈ ਜਦਕਿ ਇਹ ਸਭ ਸਰਕਾਰ ਨੂੰ ਬਦਨਾਮ ਕਰਨ ਲਈ ਫੈਲਾਈ ਜਾ ਰਹੀ ਅਫਵਾਹ ਦੇ ਤੁੱਲ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।