Patiala News: ਸਰਕਾਰ ਤੇ ਪੁਲਿਸ ਤੋਂ ਉਮੀਦਾਂ ਛੱਡ ਕੇ ਲੋਕ ਖੁਦ ਹੀ ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਲਾਉਣ ਮੈਦਾਨ ਵਿੱਚ ਨਿੱਤਰ ਆਏ ਹਨ। ਪਿੰਡਾਂ ਦੀਆਂ ਪੰਚਾਇਤਾਂ ਨੇ ਪਹਿਲਾਂ ਹੀ ਨਸ਼ਾ ਤਸਕਰੀ ਖ਼ਿਲਾਫ਼ ਮੋਰਚਾ ਸੰਭਾਲਿਆ ਹੋਇਆ ਹੈ ਪਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੋਂਗਲਾ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨਵਾਂ ਮਤਾ ਪਾਸ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਪਹਿਲ ਕਰਦਿਆਂ ਅਜਿਹਾ ਮਤਾ ਪਾਸ ਕੀਤਾ ਹੈ ਜਿਸ ਨਾਲ ਨਸ਼ਿਆਂ ਨੂੰ ਰੋਕ ਲੱਗਣੀ ਯਕੀਨੀ ਹੈ।


ਪੰਚਾਇਤ ਵੱਲੋਂ ਪਾਸ ਮਤੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਜਾਂ ਕਿਸੇ ਨਸ਼ੇੜੀ ਦੀ ਮਦਦ ਕਰਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਖ਼ਤ ਕਾਰਵਾਈ ਲਈ ਉਸ ਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ। 



ਦਰਅਸਲ ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਪਿੰਡ ਰੋਂਗਲਾ ਪਹੁੰਚੀ। ਇਹ ਪਿੰਡ 80 ਫੀਸਦੀ ਨਸ਼ੇ ਦੀ ਗ੍ਰਿਫਤ ਨਾਲ ਜੂਝ ਰਿਹਾ ਹੈ। ਜੈ ਇੰਦਰ ਕੌਰ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਪਿੰਡ ਰੋਂਗਲਾ ਦਾ ਦੌਰਾ ਕੀਤਾ ਤੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਇਸ ਤੋਂ ਬਾਅਦ ਜੈ ਇੰਦਰ ਕੌਰ ਨੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਐਸਐਸਪੀ ਨਾਲ ਮੁਲਾਕਾਤ ਕੀਤੀ।



ਐਸਐਸਪੀ ਨੂੰ ਮਿਲਣ ਉਪਰੰਤ ਜੈ ਇੰਦਰ ਕੌਰ ਨੇ ਦੱਸਿਆ ਕਿ ਸਰਪੰਚ ਰਾਣੀ ਦੀ ਅਗਵਾਈ ਵਿੱਚ ਅੱਜ ਪਿੰਡ ਵਾਸੀਆਂ ਨੇ ਮੈਨੂੰ ਆਪਣੇ ਪਿੰਡ ਬੁਲਾਇਆ ਸੀ ਤਾਂ ਜੋ ਨਸ਼ੇ ਦੀ ਵੱਧ ਰਹੀ ਸਮੱਸਿਆ ਖਿਲਾਫ ਲੜਾਈ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਇਸ ਸਮੱਸਿਆ ਬਾਰੇ ਪੰਚਾਇਤ ਤੇ ਸਥਾਨਕ ਔਰਤਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਪਿੰਡ ਵਿੱਚ ਨਾਜਾਇਜ਼ ਨਸ਼ੇ ਦਾ ਕਾਰੋਬਾਰ ਵਧਿਆ ਹੈ ਤੇ ਬਦਕਿਸਮਤੀ ਨਾਲ ਪਿੰਡ ਦੇ ਨੌਜਵਾਨ ਨਸ਼ਿਆਂ ਦੀ ਇਸ ਦਲਦਲ ਵਿੱਚ ਫਸ ਚੁੱਕੇ ਹਨ।


ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਰੋਂਗਲਾ ਪਿੰਡ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਪਿੰਡ ਵਾਸੀਆਂ ਨੇ ਐਸਐਸਪੀ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਪੁਲਿਸ ਗਸ਼ਤ ਯਕੀਨੀ ਬਣਾਉਣ ਤੇ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਲਈ ਪਿੰਡ ਦੇ ਬਾਹਰ ਪੱਕੀ ਚੌਕੀ ਬਣਾਈ ਜਾਵੇ। ਐਸਐਸਪੀ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।