Patiala News: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੀਤੇ ਦਿਨੀਂ ਪੰਜਾਬ ਦੇ ਵੱਡੀ ਗਿਣਤੀ ਟੌਲ ਪਲਾਜ਼ਾ ਬੰਦ ਕਰਨ ਦੇ ਦਿੱਤੇ ਬਿਆਨ ਦੇ ਬਾਵਜੂਦ ਸਮਾਣਾ-ਪਟਿਆਲਾ ਰੋਡ ’ਤੇ ਲੱਗੇ ਟੌਲ ਪਲਾਜ਼ਾ ਦੀ ਮਿਆਦ 476 ਦਿਨ ਹੋਰ ਵਧਾ ਦਿੱਤੀ ਗਈ ਹੈ। ਇਸ ਦੇ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਵੱਲੋਂ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਟੌਲ ਪਲਾਜ਼ਾ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਖੇੜਕੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਹਿਣੀ ਤੇ ਕਥਨੀ ਵਿੱਚ ਵੱਡਾ ਅੰਤਰ ਹੈ। ਉਨ੍ਹਾਂ ਕਿਹਾ ਕਿ ਸਮਾਣਾ-ਪਟਿਆਲਾ ਰੋਡ ’ਤੇ ਲੱਗੇ ਟੌਲ ਪਲਾਜ਼ਾ ਦੀ ਮਿਆਦ 23 ਅਕਤੂਬਰ ਨੂੰ ਖ਼ਤਮ ਹੋ ਚੁੱਕੀ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਉਸ ਨੂੰ 476 ਦਿਨ ਹੋਰ ਸਮਾਣਾ ਤੇ ਸ਼ੁਤਰਾਣਾ ਹਲਕੇ ਦੇ ਲੋਕਾਂ ਦੀ ਲੁੱਟ ਦੀ ਖੁੱਲ੍ਹ ਦੇ ਦਿੱਤੀ ਗਈ ਹੈ।
ਇਸ ਦੌਰਾਨ ਮੰਡਲ ਪ੍ਰਧਾਨ ਵਿਨੋਦ ਸਿੰਗਲਾ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਤੇ ਸੀਨੀਅਰ ਆਗੂ ਨਲਿਨੀ ਚੋਪੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ’ਤੇ ਪੰਜਾਬ ਸਰਕਾਰ ਨੇ 476 ਦਿਨ ਹੋਰ ਟੌਲ ਪਲਾਜ਼ਾ ਦੇ ਟੈਕਸਾਂ ਦਾ ਭਾਰ ਪਾ ਕੇ ਲੋਕਾਂ ਦੀ ਜਾਣ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ, ਭਾਜਪਾ ਇਸ ਦੇ ਵਿਰੋਧ ਵਿੱਚ ਸੰਘਰਸ਼ ਕਰਦੀ ਰਹੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ