Patiala news: ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਨਾਭਾ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਤੋਂ ਪਿੰਡਾਂ ਦੇ ਦਰਜਨਾ ਪੰਚਾ, ਸਰਪੰਚਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ।


ਇਸ ਮੌਕੇ ਪ੍ਰਨੀਤ ਕੌਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤੰਜ ਕਸਦਿਆਂ ਕਿਹਾ ਕਿ ਈਡੀ ਨੇ ਸਬੂਤਾਂ ਦੇ ਆਧਾਰ ‘ਤੇ ਹੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ, ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।


ਇਹ ਵੀ ਪੜ੍ਹੋ: Punjab news: ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਦਾ ਸਹਾਇਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ


ਉਨ੍ਹਾਂ ਕਿਹਾ ਕਿ ਈਡੀ ਦੀ ਏਜੰਸੀ, ਆਜ਼ਾਦ ਹੋ ਕੇ ਕੰਮ ਕਰ ਰਹੀ ਹੈ, ਈਡੀ ਨੇ ਨੌ ਵਾਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜੇ ਪਰ ਉਹ ਨਹੀਂ ਗਏ। ਜੇਕਰ ਉਹ ਨਿਰਦੋਸ਼ ਹੁੰਦੇ ਤਾਂ ਉਨ੍ਹਾਂ ਨੂੰ ਜਾਣਾ ਚਾਹੀਦਾ ਸੀ ਜੋ ਕੁੱਝ ਵੀ ਹੋ ਰਿਹਾ ਕਾਨੂੰਨ ਦੇ ਦਾਇਰੇ ਵਿੱਚ ਹੋ ਰਿਹਾ ਹੈ।


ਉੱਥੇ ਹੀ ਪਰਨੀਤ ਕੌਰ ਨੇ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿਹੜੇ ਕਾਂਗਰਸੀ ਆਗੂਆਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਵਿੱਚ ਸੁਟਿਆ ਗਿਆ ਤੇ ਹੁਣ ਭਗਵੰਤ ਮਾਨ ਖ਼ੁਦ ਕਿਉਂ ਰੋ ਰਹੇ ਹਨ।


ਸੰਸਦ ਪਰਨੀਤ ਕੌਰ ਨੇ ਕਿਹਾ ਕਿ ਇਸ ਘੁਟਾਲੇ ਦਾ ਲੋਕ ਸਭਾ ਚੋਣਾਂ ‘ਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਇਸ ਕਰਕੇ ਸਰਕਾਰ ਬਣਾਈ ਸੀ ਕਿ ਉਹ ਕਰਪਸ਼ਨ ਫ੍ਰੀ ਪਾਰਟੀ ਵਜੋਂ ਉਭਰ ਕੇ ਆਉਣਗੇ ਪਰ ਹੁਣ ਇੱਕ ਘਪਲੇ ਤੋਂ ਬਾਅਦ ਘਪਲਾ ਸਾਹਮਣੇ ਆ ਰਿਹਾ ਹੈ।


ਇਹ ਵੀ ਪੜ੍ਹੋ: Arvind kejriwal arrest: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਤਨੀ ਨੇ ਕੱਢਿਆ ਗੁਬਾਰ, ਕਿਹਾ- PM ਮੋਦੀ ਨੇ CM ਨੂੰ ਸੱਤਾ ਦੇ ਅਹੰਕਾਰ ‘ਚ ਕਰਵਾਇਆ ਗ੍ਰਿਫ਼ਤਾਰ


ਉੱਥੇ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਬਿੱਟੂ ਅਤੇ ਸੀਨੀਅਰ ਆਗੂ ਰਜੇਸ਼ ਕੁਮਾਰ ਬੱਬੂ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਆਮ ਪਾਰਟੀ ਦੇ ਪੰਚ ਸਰਪੰਚ ਭਾਜਪਾ 'ਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਭਾਜਪਾ ਹੋਰ ਮਜਬੂਤ ਹੋਵੇਗੀ ਅਤੇ ਮਹਾਰਾਣੀ ਪਰਨੀਤ ਕੌਰ ਦੇ ਬੀਜੇਪੀ ਵਿੱਚ ਆਉਣ ਨਾਲ ਬਹੁਤ ਵੱਡਾ ਬਲ ਮਿਲਿਆ ਹੈ।