Patiala News: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਟਰਾਈ ਲੈਣ ਦੇ ਬਹਾਨੇ ਫਾਰਚੂਨਰ ਗੱਡੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਆਖਰ ਇਨ੍ਹਾਂ ਚਾਰ ਨੌਜਵਾਨਾਂ 48 ਘੰਟਿਆਂ 'ਚ ਹੀ ਦਬੋਚ ਲਿਆ। ਇਸ ਗਰੋਹ ਦਾ ਮੁੱਖ ਸਰਗਨਾ ਗੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ।



ਹਾਸਲ ਜਾਣਕਾਰੀ ਮੁਤਾਬਕ ਕਾਰ ਬਾਜ਼ਾਰ ਪਾਤੜਾਂ ਵਿੱਚੋਂ ਟਰਾਈ ਲੈਣ ਮੌਕੇ ਪਿਸਤੌਲ ਦੀ ਦਿਖਾ ਕੇ ਫਾਰਚੂਨਰ ਗੱਡੀ ਖੋਹਣ ਵਾਲੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਖੋਹੀ ਗਈ ਫਾਰਚੂਨਰ ਤੋਂ ਇਲਾਵਾ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਤੇ ਗੁਰਲਾਲ ਸਿੰਘ ਗੁੱਲੀ ਵਾਸੀਆਨ ਉਪਲੀ, ਗਗਨਦੀਪ ਸਿੰਘ ਗਗਨ ਤੇ ਤਰਨਜੀਤ ਸਿੰਘ ਤਰਨੀ ਵਾਸੀਆਨ ਕੱਟੂ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ। 


ਪੁਲਿਸ ਲਾਈਨ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਵਰੁਣ ਸ਼ਰਮਾ ਤੇ ਐਸਪੀ (ਡੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਥਾਣਾ ਪਾਤੜਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਚੀਮਾ ਦੀਆਂ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਪਟਿਆਲਾ ਦੇ ਡੀਐਸਪੀ ਇਨਵੈਸਟੀਗੇਸ਼ਨ ਸੁਖਅੰਮ੍ਰਿਤ ਰੰਧਾਵਾ ਦੀ ਨਿਗਰਾਨੀ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੇ 3 ਮਾਰਚ ਨੂੰ ਕੇਸ਼ਵ ਗਰਗ ਪਾਤੜਾਂ ਦੀ ਦੁਕਾਨ ਤੋਂ ਫਾਰਚੂਨਰ ਖ਼ਰੀਦਣ ਦੇ ਬਹਾਨੇ ਟਰਾਈ ਕਰਨ ਵਾਸਤੇ ਲਈ ਸੀ। ਇਸ ਦੌਰਾਨ ਉਹ ਡਰਾਈਵਰ ਤੋਂ ਪਿਸਤੌਲ ਦੀ ਨੋਕ ’ਤੇ ਇਹ ਗੱਡੀ ਖੋਹ ਕੇ ਲੈ ਗਏ ਸਨ। ਪੁਲਿਸ ਨੇ ਇਨ੍ਹਾਂ ਨੂੰ 48 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਕੇ ਵਾਹਨ ਬਰਾਮਦ ਕਰਵਾਇਆ ਹੈ। 


ਐਸਐਸਪੀ ਨੇ ਕਿਹਾ ਕਿ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਪਿਸਤੌਲਾਂ ਦਾ ਪ੍ਰਬੰਧ ਵਿਦੇਸ਼ ਰਹਿੰਦੇ ਭਗੌੜੇ ਅਤਿਵਾਦੀ ਸੁਰਿੰਦਰ ਸਿੰਘ ਠੀਕਰੀਵਾਲ ਵੱਲੋਂ ਕੀਤਾ ਗਿਆ ਸੀ। ਇੰਸਪੈਕਟਰ ਸ਼ਮਿੰਦਰ ਸਿੰਘ ਮੁਤਾਾਬਕ, ਮੁਲਜ਼ਮਾਂ ਤੋਂ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹਥਿਆਰਾਂ ਅਤੇ ਗੱਡੀ ਨਾਲ ਕਿੱਥੇ ਅਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਡੀਐਸਪੀ ਸੁਖਅੰਮ੍ਰਿਤ ਰੰਧਾਵਾ ਨੇ ਦੱਸਿਆ ਕਿ ਇਸ ਗਰੋਹ ਦਾ ਮੁੱਖ ਸਰਗਨਾ ਗੁਰਿੰਦਰ ਸਿੰਘ ਹੈ।


ਇਹ ਵੀ ਪੜ੍ਹੋ: ਪੰਜਾਬ 'ਚ ਵੀ ਹੋਇਆ ਸ਼ਰਾਬ ਘੁਟਾਲਾ? ਆਬਕਾਰੀ ਨੀਤੀ ਦੀ ਈਡੀ ਤੋਂ ਹੋਏ ਜਾਂਚ, ਅੱਜ ਰਾਜਪਾਲ ਨੂੰ ਮਿਲਣਗੇ ਬਾਜਵਾ