Lok Sabha Election 2024: (ਫ਼ਤਹਿਗੜ੍ਹ ਸਾਹਿਬ ) ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ-2024 ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਅਧਿਕਾਰੀ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨਾ ਯਕੀਨੀ ਬਣਾਉਣ ਤਾਂ ਜੋ ਚੋਣਾਂ ਦੇ ਐਲਾਨ ਉਪਰੰਤ ਬਿਨਾਂ ਕਿਸੇ ਦੇਰੀ ਤੋਂ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਸਕੇ।


ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।


ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਜਿਵੇਂ ਹੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਐਲਾਨ ਕੀਤਾ ਜਾਵੇ ਤਾਂ ਉਸੇ ਸਮੇਂ ਤੋਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਜਾਣ।


ਪਰਨੀਤ ਸ਼ੇਰਗਿੱਲ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਕੇ ਉਨ੍ਹਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਹੋਰ ਮਜਬੂਤ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਸਵੀਪ ਗਤੀਵਿਧੀਆਂ ਅਧੀਨ ਸਮੂਹ ਨਾਗਰਿਕਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਸਿਖਲਾਈ ਦਿੱਤੀ ਜਾਵੇ ਤਾਂ ਜੋ ਵੋਟਾਂ ਦੌਰਾਨ ਨਾਗਰਿਕਾਂ ਨੂੰ ਆਪਣੀ ਵੋਟ ਪਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ।


ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਵੀ ਨਾਗਰਿਕਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਸਿਖਲਾਈ ਦੇਣ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਕੈਂਪ ਲਗਾਇਆ ਜਾਵੇ ਤਾਂ ਉਸ ਥਾਂ ਤੇ ਸਿਖਲਾਈ ਸਬੰਧੀ ਬੋਰਡ ਜਾਂ ਤਖਤੀ ਜਰੂਰ ਲਗਾਈ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਇਸ ਦਾ ਗਲਤ ਇਸਤੇਮਾਲ ਨਾ ਕਰ ਸਕਣ।


ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਦਿੱਤੀ ਹੈ ਜਿਸ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।


ਇਸ ਲਈ ਸਾਨੂੰ ਆਪਣੇ ਇਸ ਸੰਵਿਧਾਨ ਹੱਕ ਦਾ ਇਸਤੇਮਾਲ ਕਰਨ ਤੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਵੋਟ ਦੇ ਇਸਤੇਮਾਲ ਨਾਲ ਹੀ ਅਸੀਂ ਆਪਣੇ ਦੇਸ਼ ਅਤੇ ਉਸ ਦੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਸਰਕਾਰ ਦੀ ਚੋਣ ਕਰ ਸਕਦੇ ਹਾਂ।


ਉਨ੍ਹਾਂ ਇਹ ਵੀ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਹਮੇਸ਼ਾਂ ਬਿਨਾਂ ਕਿਸੇ ਲਾਲਚ, ਡਰ, ਭੈਅ ਅਤੇ ਕਿਸੇ ਕਿਸਮ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਾ ਕੇ ਉਸ ਦਾ ਇਸਤੇਮਾਲ ਜਰੂਰ ਕਰਨ ਕਿਉਂਕਿ ਅਜਿਹਾ ਕਰਕੇ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਈ ਜਾ ਸਕਦੀ ਹੈ।