Patiala News: ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਹੋਏ ਚਾਰ ਜ਼ਿਲ੍ਹਿਆਂ ਦੇ ਇਕੱਠ ਨੇ ਪੋਲ ਖੋਲ੍ਹ ਦਿੱਤੀ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਸੁਪੜਾ ਸਾਫ਼ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਟਿੱਲ ਲਾਉਣ ਦੇ ਬਾਵਜੂਦ ਰੈਲੀ ਪ੍ਰਭਾਵਹੀਣ ਰਹੀ ਤੇ ਪ੍ਰਧਾਨ ਮੰਤਰੀ ਦੇ ਪੱਧਰ ਦਾ ਇਕੱਠ ਕਰਨ ਵਿੱਚ ਚਾਰ ਜ਼ਿਲ੍ਹਿਆਂ ਦੇ ਭਾਜਪਾ ਆਗੂ ਨਾਕਾਮ ਰਹੇ। 



ਡਾ. ਗਾਂਧੀ ਪਟਿਆਲਾ ਨੇ ਕਿਹਾ ਕਿ ਨਰਿੰਦਰ ਮੋਦੀ ਪੰਜਾਬ ਲਈ ਕੁਝ ਵੀ ਨਹੀਂ ਦੇ ਕੇ ਗਏ। ਸਗੋਂ ਉਹ ਲੋਕਾਂ ਨੂੰ ਧਰਮ ਦੇ ਲੋਲੀਪੌਪ ਦਾ ਚਟਕਾਰਾ ਦੇ ਗਏ ਹਨ, ਜਿਸ ਦਾ ਦੇਸ਼ ਦੀ ਵਿਕਾਸ ਨੀਤੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਤੇ ਦੇਸ਼ ਦਾ ਵਿਕਾਸ ਦੋ ਵੱਖੋ ਵੱਖਰੇ ਮੁੱਦੇ ਹਨ। ਧਰਮ ਦੇ ਨਾਲ ਹਰ ਇਕ ਇਨਸਾਨ ਨੂੰ ਵਿਕਸਤ ਮੁਲਕ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਜੋ ਪਟਿਆਲਾ ਵਿੱਚ ਬਦਸਲੂਕੀ ਕੀਤੀ ਗਈ ਹੈ, ਉਹ ਵੀ ਕਿਸਾਨ ਦੇ ਕਾਂਗਰਸ ਯਾਦ ਰੱਖੇਗੀ।


ਡਾ. ਗਾਂਧੀ ਨੇ ਇੱਥੇ ਮਹਿਲਾ ਕਾਂਗਰਸ ਦੀਆਂ ਔਰਤਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਗੁੰਡਾਗਰਦੀ ਦਾ ਨੋਟਿਸ ਲਿਆ ਤੇ ਕਿਹਾ ਕਿ ਇਹ ਸਾਰੀ ਰਿਪੋਰਟ ਕਾਂਗਰਸ ਹਾਈਕਮਾਂਡ ਕੋਲ ਪੁੱਜਦੀ ਕੀਤੀ ਜਾਵੇਗੀ। ਉਨ੍ਹਾਂ ਅਗਲਾ ਫ਼ੈਸਲਾ ਕਰਨਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਨ੍ਹਾਂ ਹੁੱਲੜਬਾਜ਼ਾਂ ਨਾਲ ਕੀ ਸਲੂਕ ਕਰਨਾ ਹੈ। 


ਡਾ. ਗਾਂਧੀ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗੱਠਜੋੜ ਦੀ ਹਵਾ ਚੱਲ ਰਹੀ ਹੈ ਤੇ ਆਉਣ ਵਾਲੀ ਚਾਰ ਜੂਨ ਨੂੰ ਮੋਦੀ ਸਰਕਾਰ ਨੂੰ ਚੱਲਦਿਆਂ ਕਰਨ ਲਈ ਲੋਕ ਤਿਆਰ ਬੈਠੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। 


ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ‘ਆਪ’ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗੀ ਹੈ, ਐਨੀ ਜਲਦੀ ਕਦੇ ਵੀ ਕਿਸੇ ਪਾਰਟੀ ਵਿੱਚ ਨਿਘਾਰ ਨਹੀਂ ਆਇਆ। ਇਹ ਵੀ ਆਪਣੇ ‘ਆਪ’ ਵਿੱਚ ਇੱਕ ਰਿਕਾਰਡ ਹੈ। ਲੋਕ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਅੱਜ ਬੇਹੱਦ ਨਿਰਾਸ਼ ਹਨ ਤੇ ਲੋਕ ਕਾਂਗਰਸ ਨੂੰ ਹੀ ਕੇਂਦਰ ਵਿੱਚ ਭਾਜਪਾ ਦੇ ਇੱਕੋ ਇੱਕ ਬਦਲ ਵਜੋਂ ਦੇਖ ਰਹੇ ਹਨ।