PM Modi Rally: ਵੀਰਵਾਰ ਨੂੰ ਪਟਿਆਲਾ ਦੇ ਪੋਲੋ ਗਰਾਊਂਡ 'ਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਸਮਰਥਨ 'ਚ ਰੈਲੀ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਲਈ ਦੇਸ਼ ਨੂੰ ਵੰਡਿਆ ਅਤੇ ਇਸ ਤਰ੍ਹਾਂ ਵੰਡਿਆ ਕਿ 70 ਸਾਲਾਂ ਤੱਕ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਪਏ। 


ਪੀਐਮ ਨੇ ਕਿਹਾ, "ਜਦੋਂ ਬੰਗਲਾਦੇਸ਼ ਦੀ ਜੰਗ ਹੋਈ ਸੀ, 90 ਹਜ਼ਾਰ ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਸੀ, 90 ਹਜ਼ਾਰ ਤੋਂ ਵੱਧ ਸੈਨਿਕ ਸਾਡੇ ਕੰਟਰੋਲ ਵਿੱਚ ਸਨ। ਮੈਂ ਭਰੋਸੇ ਨਾਲ ਕਹਿੰਦਾ ਹਾਂ, ਜੇਕਰ ਮੋਦੀ ਉਸ ਸਮੇਂ ਉੱਥੇ ਹੁੰਦੇ ਤਾਂ ਕਰਤਾਰਪੁਰ ਨੂੰ ਲੈ ਭਾਰਤ ਵਿੱਚ ਲਿਆ ਕੇ ਫਿਰ ਪਾਕਿਸਤਾਨ ਦੇ 90 ਹਜ਼ਾਰ ਫੌਜੀ ਛੱਡਦੇ। 



ਲੰਗਰ ਨੂੰ ਟੈਕਸ ਤੋਂ ਛੋਟ ਦਿੱਤੀ 


ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੰਗਰ ਨੂੰ ਟੈਕਸ ਤੋਂ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਵਿਦੇਸ਼ਾਂ ਤੋਂ ਆਏ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਨ ਨਹੀਂ ਦਿੰਦੇ ਸਨ। ਅਸੀਂ ਇਸ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਸ੍ਰੀ ਫਤਹਿਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਦਾ ਗਵਾਹ ਰਿਹਾ ਹੈ। 


ਉਨ੍ਹਾਂ ਕਿਹਾ  ਇਹ ਮੋਦੀ ਸਰਕਾਰ ਹੈ, ਜਿਸ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਸਮਰਪਿਤ ਵੀਰ ਬਾਲ ਦਿਵਸ ਦਾ ਐਲਾਨ ਕੀਤਾ। ਅਫਗਾਨਿਸਤਾਨ ਵਿੱਚ ਸਾਡੇ ਸਿੱਖ ਪਰਿਵਾਰ ਮੁਸੀਬਤ ਵਿੱਚ ਸਨ। ਅਸੀਂ ਸਾਰਿਆਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸਤਿਕਾਰ ਸਹਿਤ ਵਾਪਸ ਲਿਆਏ।  


 


ਕੀ ਵੰਡ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇਣਾ ਗਲਤ ?


ਪੀਐਮ ਨੇ ਕਿਹਾ ਕਿ INDIA ਗਠਜੋੜ ਦਾ ਸਭ ਤੋਂ ਵੱਡਾ ਟੀਚਾ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨਾ ਹੈ। ਮੋਦੀ ਵੰਡ ਤੋਂ ਪੀੜਤ ਦਲਿਤ ਅਤੇ ਸਿੱਖ ਭੈਣਾਂ-ਭਰਾਵਾਂ ਨੂੰ CAA ਕਾਨੂੰਨ ਤਹਿਤ ਭਾਰਤੀ ਨਾਗਰਿਕਤਾ ਦੇ ਰਿਹਾ ਹੈ। INDIA ਗਠਜੋੜ ਦੇ ਮੈਂਬਰਾਂ ਨੇ ਸੀਏਏ ਦਾ ਵਿਰੋਧ ਕੀਤਾ, ਸੀਏਏ ਦੇ ਨਾਮ 'ਤੇ ਦੰਗੇ ਕਰਵਾਏ ਅਤੇ ਅੱਜ ਵੀ ਉਹ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਹ ਸੀਏਏ ਨੂੰ ਰੱਦ ਕਰ ਦੇਣਗੇ। 


ਉਨ੍ਹਾਂ ਲੋਕਾਂ ਨੂੰ ਸਵਾਲ ਪੁੱਛਿਆ ਕਿ ਕੀ ਵੰਡ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇਣਾ ਗਲਤ ਹੈ? ਉਨ੍ਹਾਂ ਕਿਹਾ, "ਭਾਜਪਾ ਕਿਸਾਨਾਂ ਦੀ ਭਲਾਈ ਨੂੰ ਪਹਿਲ ਦਿੰਦੀ ਹੈ। ਪਿਛਲੇ 10 ਸਾਲਾਂ ਵਿੱਚ ਪੰਜਾਬ ਵਿੱਚੋਂ ਕਣਕ ਅਤੇ ਝੋਨੇ ਦੀ ਰਿਕਾਰਡ ਖਰੀਦ ਹੋਈ ਹੈ। 10 ਸਾਲਾਂ ਵਿੱਚ ਅਸੀਂ ਘੱਟੋ-ਘੱਟ ਸਮਰਥਨ ਮੁੱਲ ਵਿੱਚ ਢਾਈ ਗੁਣਾ ਵਾਧਾ ਕੀਤਾ ਹੈ।"