Mata Kaushalya Hospital, Patiala  - ਪੰਜਾਬ ਸਰਕਾਰ ਵੱਲੋਂ 2 ਅਕਤੂਬਰ ਨੂੰ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਦੇ ICU ਦਾ ਉਦਘਾਟਨ ਕੀਤਾ ਜਾਣਾ ਹੈ। ਜਿਸ ਸਬੰਧੀ ਸਿਹਤ ਵਿਭਾਗ ਦੀ ਇੱਕ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਲੈਟਰ ਵਿੱਚ ਲਿਖਿਆ ਗਿਆ ਹੈ ਕਿ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਨਵੇਂ ਚਲਾਏ ਜਾਣ ਵਾਲੇ ICU ਜਿਸ ਦਾ 2 ਅਕਤੂਬਰ ਤੋਂ ਉਦਘਾਟਨ ਕਰ ਚਲਾਇਆ ਜਾਣਾ ਹੈ। ਉਸ ਲਈ ਮੈਡੀਕਲ ਸੁਪਰਡੈਂਟ, ਮਾਮਾ ਕੁਸ਼ੱਲਿਆ ਹਸਪਤਾਲ ਵਲੋਂ ਲੋੜੀਂਦੇ ਸਟਾਫ਼ ਦੀ ਪੱਕੀ ਸੈਨਸ਼ਨ ਪੋਸਟਾਂ ਮਿਲਣ ਤੱਕ ਆਰਜ਼ੀ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ ਹੈ। ਜਿਸ ਅਨੁਸਾਰ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਐਨ.ਐਨ.ਐਮ ਅਧੀਨ ਸਟਾਫ਼ ਦੀ ਡਿਊਟੀ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ। 

 

ਇਸ ਦਾ ਮਤਲਬ ਹੈ ਕਿ ਮਾਤਾ ਕੁਸ਼ੱਲਿਆ ਹਸਪਤਾਲ ਦਾ ICU ਉਦਘਾਟਨ ਦੇ ਲਈ ਤਿਆਰ ਹੈ। ਪਰ ਹਸਪਤਾਲ ਕੋਲ ਇੱਥੇ ਰੱਖਣ ਦੇ ਲਈ ਸਟਾਫ਼ ਹੀ ਨਹੀਂ ਹੈ। 2 ਅਕਤੂਬਰ ਤੋਂ ਇਹ ICU ਚਾਲੂ ਹੋ ਜਾਵੇਗਾ ਪਰ ਇਸ ਤੋਂ ਪਹਿਲਾਂ ਸਰਕਾਰ ਕੋਈ ਭਰਤੀ ਪ੍ਰਕੀਰਿਆ ਨਹੀਂ ਕਰ ਸਕੀ ਕਿ ਇੱਥੇ ਸਟਾਫ਼ ਰੱਖਿਆ ਜਾਵੇ ਤੇ ਫਿਰ ICU ਦਾ ਉਦਘਾਟਨ ਕੀਤਾ ਜਾਵੇ। 

 

ਅਜਿਹਾ ਖਦਸ਼ਾ RTI ਐਕਟੀਵਿਸਟ ਮਾਨਿਕ ਗੋਇਲ ਨੇ ਜ਼ਾਹਰ ਕੀਤਾ ਹੈ। ਫੇਸਬੁੱਕ 'ਤੇ ਪੋਸਟ ਸਾਂਝੀ ਕਰਦੇ ਹੋਏ ਮਾਨਿਕ ਗੋਇਲ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਉਦਘਾਟਨ ਕਰਵਾਉਣ ਦੇ ਲਈ ਬਿਨਾ ਸਟਾਫ਼ ਤੋਂ ਹੀ ਮਾਤਾ ਕੁਸ਼ੱਲਿਆ ਹਸਪਤਾਲ ਦਾ ICU ਚਾਲੂ ਕੀਤਾ ਜਾ ਰਿਹਾ ਹੈ। ਮਾਨਿਕ ਗੋਇਲ ਨੇ ਅੱਗੇ ਲਿਖਿਆ ਕਿ -  ''2 ਅਕਤੂਬਰ ਨੂੰ ਕੇਜਰੀਵਾਲ ਨੇ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਦੇ ICU ਦਾ ਉਦਘਾਟਨ ਕਰਨਾ ਹੈ। ਜਿਸਦਾ ਨਾਂ ਕੋਈ ਪੱਕਾ ਸਟਾਫ ਹੈ ਨਾਂ ਹੀ ਨਰਸਾਂ ਅਤੇ ਨਾਂ ਹੀ ਕੋਈ ਸਹੂਲਤ ਦਾ ਪ੍ਰਬੰਧ।

 

ਮੌਕੇ ਤੇ ਫੋਟੋਆਂ ਖਿਚਾਉਣ ਲਈ ਹੋਰ ਡਿਸਪੈਂਸਰੀਆਂ ਚ ਭਰਤੀ ਸਟਾਫ ਨੂੰ ਆਰਜੀ ਤੌਰ ਤੇ ਬੁਲਾਇਆ ਗਿਆ ਹੈ ਅਤੇ ਸਮਾਨ ਲਿਆਉਣ ਲਈ ਸਮਿਤੀ ਬਣਾ ਕੇ ਲੋਕਾਂ ਤੋਂ ਪੈਸੇ ਕੱਠੇ ਕੀਤੇ ਜਾ ਰਹੇ ਹਨ। ਇਹ ਅੱਗਾ ਦੌੜ ਤੇ ਪਿੱਛਾ ਚੌੜ ਹੀ ਹੈ। ਜਦੋਂ ਪ੍ਰਬੰਧ ਪੂਰੇ ਨੀ ਤਾਂ ਉਦਘਾਟਨ ਕਿਉੰ ਕਰਨਾ? ਕੀ ਸਿਹਤ ਸੁਵਿਧਾਵਾਂ ਜਾਂ ICU ਮਜਾਕ ਹੈ ? ਸਿਰਫ ਕੇਜਰੀਵਾਲ ਦੇ ਗੇੜੇ ਕਰਕੇ ਹੋਰ ਡਿਸਪੈਂਸਰੀਆ ਕਿਉੰ ਖਾਲੀ ਕੀਤੀਆਂ ਜਾ ਰਹੀਆ ਹਨ?
  ਪੰਜਾਬ ਚ ਇੰਝ ਲਗਦਾ ਕਿ ਸਰਕਾਰ ਨਹੀਂ ਸਿਰਫ ਫੋਟੋਸ਼ੂਟ ਤੇ ਡਰਾਮਾ ਚੱਲ ਰਿਹਾ ਹੈ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ। ਨਾਲੇ ਕੇਜਰੀਵਾਲ ਹੈ ਕੌਣ ਪੰਜਾਬ ਦੇ ਹਸਪਤਾਲਾਂ ਦਾ ਉਦਘਾਟਨ ਕਰਨ ਵਾਲਾ ?''