Patiala News: ਪੀਆਰਟੀਸੀ ਦੇ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ 15 ਦਿਨਾਂ ਵਿੱਚ ਲਗਾਤਾਰ ਦੂਜੀ ਵਾਰ ਨਾਜਾਇਜ਼ ਰੂਟ ’ਤੇ ਚੱਲ ਰਹੀ ਬੱਸ ਨੂੰ ਕਾਬੂ ਕੀਤਾ ਹੈ। ਵੀਰਵਾਰ ਨੂੰ ਵਿਭਾਗ ਨੂੰ ਸੂਚਨਾ ਮਿਲੀ ਕਿ ਬਿਨਾਂ ਪਰਮਿਟ ਤੋਂ ਇੱਕ ਪ੍ਰਾਈਵੇਟ ਏਸੀ ਬੱਸ ਆਪਰੇਟਰ ਪਟਿਆਲਾ ਬੱਸ ਸਟੈਂਡ ਦੇ ਬਾਹਰੋਂ ਦਿੱਲੀ ਲਈ ਸਵਾਰੀਆਂ ਨੂੰ ਚੜ੍ਹਾ ਰਿਹਾ ਹੈ।
ਜਿਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੌਕੇ 'ਤੇ ਪਹੁੰਚ ਕੇ ਬੱਸ ਡਰਾਈਵਰ ਤੋਂ ਕਾਗਜਾਤ ਮੰਗੇ ਪਰ ਡਰਾਈਵਰ ਲੋੜੀਂਦੇ ਕਾਗਜਾਤ ਦਿਖਾਉਣ ਅਤੇ ਤਸੱਲੀਬਖਸ਼ ਜਵਾਬ ਦੇਣ ਤੋਂ ਅਸਮਰਥ ਰਿਹਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬੱਸ ਚਾਲਕ ਕੋਲ ਟੂਰਿਸਟ ਪਰਮਿਟ ਸੀ ਅਤੇ ਉਹ ਨਾਜਾਇਜ਼ ਤੌਰ 'ਤੇ ਪਟਿਆਲਾ ਤੋਂ ਦਿੱਲੀ ਤੱਕ ਸਵਾਰੀਆਂ ਭਰ ਰਿਹਾ ਸੀ, ਜਿਸ ਕਾਰਨ ਬੱਸ ਨੂੰ ਮੌਕੇ 'ਤੇ ਹੀ ਜ਼ਬਤ ਕਰਵਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇੱਕ ਨਿੱਜੀ ਬੱਸ ਬਿਨਾਂ ਰੂਟ ਪਰਮਿਟ ਤੋਂ ਦਿੱਲੀ ਲਈ ਗੈਰ-ਕਾਨੂੰਨੀ ਢੰਗ ਨਾਲ ਚੱਲਣ ਦੀ ਸੂਚਨਾ ਮਿਲੀ ਸੀ। ਇਸ ਸਬੰਧੀ ਜਦੋਂ ਪੀ.ਆਰ.ਟੀ.ਸੀ ਦੀ ਟੀਮ ਵੱਲੋਂ ਬੱਸ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਟੂਰਿਸਟ ਬੱਸ ਦੱਸ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਵਾਰੀਆਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਬੱਸ ਵਿੱਚ ਸਵਾਰ ਸਵਾਰੀਆਂ ਪਟਿਆਲਾ ਤੋਂ ਦਿੱਲੀ ਦੇ ਰਸਤੇ 'ਤੇ ਵੱਖ-ਵੱਖ ਥਾਵਾਂ 'ਤੇ ਅਤੇ ਪਟਿਆਲਾ ਤੋਂ ਬੱਸ ਪਰਮਿਟ ਦੇ ਉਲਟ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ ਦੌਰਾਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚੱਲ ਰਹੀ ਧੱਕੇਸ਼ਾਹੀ ਨੂੰ ਨੱਥ ਪਾਈ ਗਈ ਹੈ। ਚੇਅਰਮੈਨ ਨੇ ਕਿਹਾ ਕਿ ਹੁਣ ਗੈਰ-ਕਾਨੂੰਨੀ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ।
ਰਿਪੋਰਟਰ-ਭਾਰਤ ਭੂਸ਼ਣ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।