Punjab News : ਪੰਜਾਬ ਦੇ ਲੋਕਾਂ ਦਾ ਹਥਿਆਰਾਂ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਪਾਉਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਲਈ ਪੰਜਾਬ ਪੁਲਿਸ ਕਰਵਾਈ ਕਰ ਰਹੀ ਹੈ। ਇਸ ਤਹਿਤ ਫੇਸਬੁੱਕ 'ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਦੇ ਦੋਸ਼ 'ਚ ਪਟਿਆਲਾ ਪੁਲਿਸ ਨੇ ਗਾਇਕ ਸਮੇਤ ਤਿੰਨ ਲੋਕਾਂ ਨੂੰ ਨਾਮਜ਼ਦ ਕਰਨ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ। ਪਹਿਲੇ ਮਾਮਲੇ ਵਿੱਚ ਥਾਣਾ ਘੱਗਾ ਪੁਲਿਸ ਨੇ ਦਿਲਬਰ ਖਾਨ ਵਾਸੀ ਪਿੰਡ ਉਗੋਕੇ ਨੂੰ ਨਾਮਜ਼ਦ ਕੀਤਾ ਹੈ।
ਇਲਜ਼ਾਮ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਿਲਬਰ ਖਾਨ ਨੇ ਫੇਸਬੁੱਕ 'ਤੇ ਦਿਲਬਰ ਸੋਹਾਨਿਆ ਨਾਮ ਦਾ ਅਕਾਊਂਟ ਬਣਾਇਆ ਹੋਇਆ ਹੈ। ਉਹ ਆਪਣੇ ਅਕਾਊਂਟ 'ਤੇ ਹਥਿਆਰਾਂ ਨਾਲ ਫੋਟੋਆਂ ਪੋਸਟ ਕਰਦਾ ਹੈ। ਮੁਲਜ਼ਮ ਦੀ ਆਈਡੀ ਚੈੱਕ ਕੀਤੀ ਜਾਵੇ ਤਾਂ ਹਥਿਆਰਾਂ ਦੀ ਨੁਮਾਇਸ਼ ਦੇ ਨਾਲ-ਨਾਲ ਫੋਟੋਆਂ ਤੇ ਵੀਡੀਓ ਵੀ ਮਿਲ ਸਕਦੇ ਹਨ।
ਥਾਣਾ ਸਦਰ ਪਟਿਆਲਾ ਵਿਖੇ ਦਰਜ ਹੋਏ ਦੂਜੇ ਮਾਮਲੇ ਵਿੱਚ ਗਾਇਕ ਕਾਸੀ ਨਾਥ ਤੋਂ ਇਲਾਵਾ ਮਨਪ੍ਰੀਤ ਸਿੰਘ ਵਾਸੀ ਪਿੰਡ ਸੈਫਦੀਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਮਨਪ੍ਰੀਤ ਸਿੰਘ ਨੇ ਫੇਸਬੁੱਕ 'ਤੇ ਆਪਣਾ ਅਕਾਊਂਟ ਬਣਾਇਆ ਹੈ ਤੇ ਆਪਣੇ ਖਾਤੇ 'ਤੇ ਕਾਸ਼ੀ ਨਾਥ ਤੇ ਹੋਰ ਅਣਪਛਾਤੇ ਵਿਅਕਤੀਆਂ ਦੀਆਂ ਹਥਿਆਰਾਂ ਨਾਲ ਲੈਸ ਫੋਟੋਆਂ ਪੋਸਟ ਕੀਤੀਆਂ ਹਨ। ਮੁਲਜ਼ਮ ਦੀ ਆਈਡੀ ਚੈੱਕ ਕਰਨ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਫੋਟੋਆਂ ਤੇ ਵੀਡੀਓਜ਼ ਮਿਲੀਆਂ ਹਨ।
ਪੰਜਾਬ ਦੀ ਭਗਵੰਤ ਮਾਨ ਸਰਕਾਰ ਲਾਇਸੰਸੀ ਹਥਿਆਰਾਂ ਨੂੰ ਲੈ ਕੇ ਸਖ਼ਤ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਥਿਆਰਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਮਾਨ ਸਰਕਾਰ ਨੇ ਹਥਿਆਰਾਂ ਦੇ ਨਵੇਂ ਲਾਇਸੰਸ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ 'ਤੇ ਵੀ ਪਾਬੰਦੀ ਲਗਾਈ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
ਦੱਸ ਦੇਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਹਥਿਆਰਾਂ ਨੂੰ ਸ਼ਰੇਆਮ ਦਿਖਾਉਣ ਤੇ ਸ਼ੋਸ਼ਲ ਮੀਡੀਆ 'ਤੇ ਫੋਟੋ ਅਪਲੋਡ ਕਰਨ ਵਾਲਿਆਂ ਵਿਰੁੱਧ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੇ ਚਲਦਿਆਂ ਪੰਜਾਬ ਪੁਲਿਸ ਨੇ ਫੇਸਬੁੱਕ, ਇਸਟਾਗਰਾਮ ਤੇ ਹੋਰ ਸੋਸ਼ਲ ਸਾਈਟਾਂ ਤੇ ਹਥਿਆਰਾਂ ਸਮੇਤ ਫੋਟੋਆਂ ਅਪਲੋਡ ਕਰਨ ਵਾਲਿਆਂ ਵਿਰੁੱਧ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ।