Shubkaran Death Case: ਖਨੌਰੀ ਸਰਹੱਦ 'ਤੇ ਸਿਰ ਵਿੱਚ ਕਥਿਤ ਤੌਰ 'ਤੇ ਰਬੜ ਦੀ ਗੋਲੀ ਜਾਂ ਕੋਈ ਨੁਕੀਲੀ ਚੀਜ਼ ਲੱਗਣ ਕਾਰਨ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਰਿਵਾਰ ਅਤੇ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਪੰਜਾਬ ਪੁਲਿਸ  ਨੇ 7 ਦਿਨਾਂ ਬਾਅਦ ਬੀਤੀ ਰਾਤ 10:45 ਵਜੇ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਪਰਚਾ ਦਰਜ ਕਰ ਲਿਆ ਹੈ। 


ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਪਾਤੜਾਂ ਵਿਖੇ ਆਈਪੀਸੀ ਦੀ ਧਾਰਾ 302 ਅਤੇ 114 ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫਆਈਆਰ ਨੰਬਰ 0041 ਦਰਜ ਕੀਤੀ ਗਈ ਸੀ। ਹਲਾਂਕਿ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿ ਇਹ ਗੋਲੀ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਹੈ ਅਜਿਹੇ ਵਿੱਚ ਹਰਿਆਣਾ ਪੁਲਿਸ ਖਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ। ਪਰ ਪੁਲਿਸ ਹਾਲੇ ਤੱਕ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ।


ਪਰਚਾ ਦਰਜ ਕਰਨ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਦੀ ਵੀ ਸਹਿਮਤੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਡਾਕਟਰਾਂ ਦੇ 5 ਮੈਂਬਰੀ ਬੋਰਡ ਵੱਲੋਂ 11:30 ਵਜੇ ਸ਼ੁਭਕਰਨ ਦਾ ਪੋਸਟਮਾਰਟਮ ਸ਼ੁਰੂ ਕੀਤਾ ਗਿਆ, ਜੋ 1:45 ਵਜੇ ਤੱਕ ਜਾਰੀ ਰਿਹਾ। ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ। 


ਬੋਰਡ ਵਿੱਚ ਦੋ ਫੋਰੈਂਸਿਕ, ਇੱਕ ਆਰਥੋਡੌਂਟਿਕ, ਇੱਕ ਸਰਜਰੀ ਅਤੇ ਇੱਕ ਦਵਾਈ ਦਾ ਡਾਕਟਰ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਸਵੇਰੇ 7.30 ਵਜੇ ਖਨੌਰੀ ਸਰਹੱਦ 'ਤੇ ਲਿਜਾਇਆ ਜਾਵੇਗਾ। ਢਾਈ ਘੰਟੇ ਬਾਅਦ ਪਿੰਡ ਬੱਲੋ (ਬਠਿੰਡਾ) ਵਿਖੇ ਲਿਜਾਇਆ ਜਾਵੇਗਾ।


ਇਸ ਤੋਂ ਪਹਿਲਾਂ ਦੇਸ਼ ਭਰ ਤੋਂ ਸ਼ੰਭੂ ਵਿੱਚ ਇਕੱਠੇ ਹੋਏ ਕਿਸਾਨ ਮਜ਼ਦੂਰ ਮੋਰਚਾ, ਐਸਕੇਐਮ ਗੈਰ-ਸਿਆਸੀ ਅਤੇ ਕਿਸਾਨ ਜਥੇਬੰਦੀਆਂ ਦੇਰ ਰਾਤ ਤੱਕ ਦਿੱਲੀ ਵੱਲ ਮਾਰਚ ਕਰਨ ਬਾਰੇ ਕੋਈ ਫੈਸਲਾ ਨਹੀਂ ਲੈ ਸਕੀਆਂ। ਬੀਕੇਯੂ (ਇਨਕਲਾਬੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜੋ ਵੀ ਫੈਸਲਾ ਹੋਵੇਗਾ, ਵੀਰਵਾਰ ਸਵੇਰੇ ਦੱਸ ਦਿੱਤਾ ਜਾਵੇਗਾ। ਦੂਜੇ ਪਾਸੇ ਸਿੰਧੂ ਸਰਹੱਦ ਵਾਂਗ ਸ਼ੰਭੂ ਵਿੱਚ ਵੀ ਕਿਸਾਨਾਂ ਨੇ ਆਰਜ਼ੀ ਟੈਂਟ ਲਾਉਣੇ ਸ਼ੁਰੂ ਕਰ ਦਿੱਤੇ ਹਨ।