Patiala News: ਰੇਲਵੇ ਪੁਲਿਸ ਕਾਫੀ ਚੌਕਸ ਹੋ ਗਈ ਹੈ। ਸਾਲ 2022 ਵਿੱਚ ਪੁਲਿਸ ਕਾਫੀ ਐਕਟਿਵ ਨਜ਼ਰ ਆਈ। ਗੌਰਮਿੰਟ ਰੇਲਵੇਜ਼ ਪੁਲਿਸ ਨੇ ਸਾਲ 2022 ਦਾ ਆਪਣਾ ਲੇਖਾ-ਜੋਖਾ ਪੇਸ਼ ਕੀਤਾ ਹੈ। ਰੇਲਵੇ ਪੁਲਿਸ ਨੇ ਵੱਖ-ਵੱਖ ਕੇਸਾਂ ਵਿੱਚ 640 ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਰੇਲ ਗੱਡੀਆਂ ਵਿੱਚ ਡਕੈਤੀਆਂ ਦੀ ਯੋਜਨਾ ਬਣਾ ਰਹੇ 10 ਗਰੋਹਾਂ ਦਾ ਵੀ ਪਰਦਾਫਾਸ਼ ਕੀਤਾ ਹੈ।


ਇਸ ਬਾਰੇ ਏਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਕਿ ਗੌਰਮਿੰਟ ਰੇਲਵੇਜ਼ ਪੁਲਿਸ ਨੇ ਸਾਲ 2022 ਵਿੱਚ ਵੱਖ ਵੱਖ ਧਾਰਾਵਾਂ ਤਹਿਤ 438 ਸਥਾਨਕ ਤੇ ਵਿਸ਼ੇਸ਼ ਕਾਨੂੰਨਾਂ ਤਹਿਤ 267 ਕੇਸ ਦਰਜ ਕਰਕੇ ਕੁਲ 640 ਗ੍ਰਿਫ਼ਤਾਰੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਦੇ ਕੇਸਾਂ ਤਹਿਤ 104 ਕੇਸ ਦਰਜ ਕਰਕੇ 91 ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 33.240 ਕਿਲੋ ਅਫ਼ੀਮ, 134.800 ਕਿਲੋ ਭੁੱਕੀ 5.370 ਕਿਲੋ ਚਰਸ, 212.980 ਕਿਲੋ ਗਾਂਜਾ, 49674 ਗੋਲੀਆਂ /ਕੈਪਸੂਲ ਅਤੇ ਨਸ਼ੀਲੇ ਤਰਲ ਦੀਆਂ 720 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਆਰਮਜ਼ ਐਕਟ ਦੇ 29 ਕੇਸ ਦਰਜ ਕਰਕੇ 29 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ, 3 ਪਿਸਤੌਲ, 1 ਰਿਵਾਲਵਰ, 13 ਕਾਰਤੂਸਾਂ ਤੇ 39 ਚਾਕੂ ਬਰਾਮਦ ਕੀਤੇ ਗਏ ਹਨ। 


ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਦਰਜ ਹੋਏ 120 ਕੇਸਾਂ ’ਚ 118 ਗ੍ਰਿਫ਼ਤਾਰੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰੇਲ ਗੱਡੀਆਂ ਵਿੱਚ ਡਕੈਤੀਆਂ ਦੀ ਯੋਜਨਾ ਬਣਾ ਰਹੇ 10 ਗਰੋਹਾਂ ਦਾ ਵੀ ਪਰਦਾਫਾਸ਼ ਕੀਤਾ ਗਿਆ ਤੇ ਚਾਰ ਬੱਚਿਆਂ ਦੀ ਗੁੰਮਸ਼ੁਦਗੀ ਬਾਰੇ ਕੇਸਾਂ ’ਚ ਦੋ ਬੱਚੇ ਬਰਾਮਦ ਕੀਤੇ ਗਏ ਹਨ। 250 ਗੁਆਚੇ ਬੱਚੇ ਰੇਲਾਂ ਤੇ ਰੇਲਵੇ ਸਟੇਸ਼ਨਾਂ ਤੋਂ ਲੱਭ ਕੇ ਮਾਪਿਆਂ ਹਵਾਲੇ ਕੀਤੇ ਗਏ। ਇਸੇ ਤਰ੍ਹਾਂ ਜੀਆਰਪੀ ਨੇ 84 ਭਗੌੜਿਆਂ ਨੂੰ ਕਾਬੂ ਕਰਨ ਸਣੇ ਚੋਰਾਂ ਤੇ ਡਕੈਤਾਂ ਦੇ ਕਬਜ਼ੇ ਹੇਠੋਂ 41 ਲੱਖ ਦੀਆਂ ਵਸਤਾਂ ਬਰਾਮਦ ਕੀਤੀਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।