Patiala News: ਪਟਿਆਲਾ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਹੱਲ ਹੋਣ ਦੇ ਆਸਾਰ ਬਣੇ ਹਨ। ਨਿਗਮ ਕਮਿਸ਼ਨਰ ਨੇ ਸਫ਼ਾਈ ਮੁਹਿੰਮ ਦੇ ਨਾਲ-ਨਾਲ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਹਰ ਸ਼ਹਿਰ ਵਾਸੀ ਬਾਜ਼ਾਰਾਂ ਵਿੱਚ ਆਪਣੇ ਵਾਹਨ ਪਾਰਕ ਕਰਨ ਸਮੇਂ ਦੂਜਿਆਂ ਦੀ ਸਹੂਲਤ ਨੂੰ ਨਜ਼ਰਅੰਦਾਜ਼ ਨਾ ਕਰਨ। 



ਉਨ੍ਹਾਂ ਕਿਹਾ ਕਿ ਜੇ ਸੰਭਵ ਹੋਵੇ ਤਾਂ ਵਾਹਨਾਂ ਨੂੰ ਪਾਰਕਿੰਗ ਦੀ ਥਾਂ ਤੋਂ ਬਿਨਾਂ ਕਿਸੇ ਹੋਰ ਥਾਂ ’ਤੇ ਪਾਰਕ ਨਾ ਕੀਤਾ ਜਾਵੇ। ਜੇ ਬਾਜ਼ਾਰਾਂ ਵਿੱਚ ਗਲਤ ਪਾਰਕਿੰਗ ਕਾਰਨ ਟਰੈਫਿਕ ਵਿਵਸਥਾ ਪ੍ਰਭਾਵਿਤ ਹੋਈ ਤਾਂ ਸਬੰਧਤ ਵਾਹਨ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿੱਚ ਟਰੈਫਿਕ ਸੁਧਾਰ ਲਈ ਨਿਗਮ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਚੋਣ ਕੀਤੀ ਹੈ। ਅੰਦਰੂਨੀ ਹਿੱਸੇ ਵਿੱਚ ਟਰੈਫਿਕ ਸੁਧਾਰ ਤੋਂ ਬਾਅਦ ਤ੍ਰਿਪੜੀ ਟਾਊਨ, ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਜੁਝਾਰ ਨਗਰ ਆਦਿ ’ਚ ਟਰੈਫਿਕ ਸਬੰਧੀ ਲੋੜੀਂਦੇ ਸੁਧਾਰਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। 


ਇਸ ਸਮੇਂ ਸ਼ਹਿਰ ਵਿੱਚ ਸਭ ਤੋਂ ਵੱਧ ਟ੍ਰੈਫਿਕ ਸਮੱਸਿਆ ਲਾਹੌਰੀ ਗੇਟ, ਆਰੀਆ ਸਮਾਜ, ਅਨਾਰਦਾਨਾ ਚੌਕ, ਤਬਕਲੀ ਮੋੜ, ਸ਼ੇਰਾਂਵਾਲਾ ਗੇਟ, ਸਾਈਂ ਮਾਰਕੀਟ, ਚਾਂਦਨੀ ਚੌਕ, ਨਾਭਾ ਗੇਟ, ਤੂੜੀ ਬਾਜ਼ਾਰ, ਕਿਲਾ ਚੌਕ, ਚੂੜੀਆਂ ਵਾਲਾ ਬਾਜ਼ਾਰ, ਗੁੜ ਮੰਡੀ, ਸਦਰ ਬਾਜ਼ਾਰ, ਪੁਰਾਣੀ ਕੋਤਵਾਲੀ ਚੌਕ, ਅਰਨਾਬਰਨਾ ਚੌਕ, ਕਿਤਾਬਾਂ ਵਾਲਾ ਬਾਜ਼ਾਰ, ਤੋਪਖਾਨਾ ਮੋੜ, ਸਰਹੰਦੀ ਬਾਜ਼ਾਰ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਨਾਮਦਾਰ ਖਾਨ ਰੋਡ, ਸ਼ੇਰੇ ਪੰਜਾਬ ਮਾਰਕੀਟ, ਗਊਸ਼ਾਲਾ ਰੋਡ, ਫੁਹਾਰਾ ਚੌਕ ਤੋਂ ਐੱਨਆਈਐੱਸ ਰੋਡ ਤੇ ਛੋਟੀ ਬਾਰਾਂਦਰੀ ’ਚ ਹੈ। ਫਿਲਹਾਲ ਨਗਰ ਨਿਗਮ ਦੀ ਲੈਂਡ ਬ੍ਰਾਂਚ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਕੀਤੇ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।


ਨਿਗਮ ਕਮਿਸ਼ਨਰ ਨੇ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰ ਦੁਕਾਨਦਾਰ ਆਪਣਾ ਸਾਮਾਨ ਦੁਕਾਨ ਦੇ ਅੰਦਰ ਹੀ ਰੱਖਣ। ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮੁੱਖ ਬਾਜ਼ਾਰਾਂ ’ਚ ਪੀਲੀਆਂ ਲਾਈਨਾਂ ਲਗਾਉਣ ਦਾ ਕੰਮ ਵੀ ਕੀਤਾ ਗਿਆ ਹੈ। ਹੁਣ ਜੋ ਵੀ ਦੁਕਾਨਦਾਰ ਜਾਂ ਕੋਈ ਵਾਹਨ ਮਾਲਕ ਪੀਲੀ ਲਾਈਨ ਦੀ ਉਲੰਘਣਾ ਕਰੇਗਾ, ਨਿਗਮ ਉਸ ਵਿਰੁੱਧ ਸਖ਼ਤ ਕਾਰਵਾਈ ਕਰਕੇ ਜੁਰਮਾਨਾ ਵਸੂਲੇਗਾ। ਇਸ ਦੇ ਨਾਲ ਹੀ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਤੇ ਵਾਹਨਾਂ ਦੀ ਗਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।