Samana News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸਮਾਣਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 9ਵਾਂ ਟੋਲ ਪਲਾਜ਼ਾ ਬੰਦ ਹੋਣ ਨਾਲ ਲੋਕਾਂ ਨੂੰ ਰੋਜ਼ਾਨਾ 3 ਲੱਖ 80 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਇਸ ਟੋਲ ਦਾ ਸਮਝੌਤਾ 1 ਸਤੰਬਰ 2005 ਨੂੰ ਸਾਢੇ 16 ਸਾਲਾਂ ਲਈ ਕੀਤਾ ਗਿਆ ਸੀ ਪਰ ਸਰਕਾਰ ਨੇ ਸਮੇਂ ਸਿਰ ਲੋੜੀਂਦਾ ਕੰਮ ਪੂਰਾ ਨਾ ਕਰਨ 'ਤੇ 1 ਕਰੋੜ 6 ਲੱਖ 48 ਹਜ਼ਾਰ ਰੁਪਏ ਦਾ ਡੈਮੇਜ ਕੰਟਰੋਲ ਵੀ ਲਗਾਇਆ ਸੀ।
ਇਸ ਦੌਰਾਨ ਸੀਐਮ ਮਾਨ ਨਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਮੰਤਰੀ ਹਰਭਜਨ ਸਿੰਘ, ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਤੇ ਹੋਰ ਵਿਧਾਇਕ ਤੇ ਆਗੂ ਹਾਜ਼ਰ ਸਨ। ਸੀਐਮ ਮਾਨ ਨੇ ਕਿਹਾ ਕਿ ਇਹ ਟੋਲ ਪਲਾਜ਼ਾ 24 ਜੂਨ 2013 ਨੂੰ ਬੰਦ ਹੋ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਖਬੀਰ ਸਿੰਘ ਬਾਦਲ ਅਦਾਲਤ ’ਚ ਹੋਏ ਪੇਸ਼, ਪੇਸ਼ੀ ਤੋਂ ਬਾਅਦ ਕੇਂਦਰ ਸਰਕਾਰ ਤੇ ਮਾਨ ਸਰਕਾਰ ਬਾਰੇ ਆਖੀ ਇਹ ਗੱਲ....
ਸੀਐਮ ਮਾਨ ਨੇ ਕਿਹਾ ਕਿ ਟੋਲ ਦਾ ਸਮਝੌਤਾ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਇਆ ਸੀ ਅਤੇ ਇਹ ਅਕਾਲੀ ਸਰਕਾਰ ਵੇਲੇ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਸਹੀ ਕੰਮ ਨਾ ਕਰਨ ਕਾਰਨ 16 ਅਕਤੂਬਰ 2018 ਨੂੰ ਟੋਲ ਸਮਝੌਤਾ ਰੱਦ ਕੀਤਾ ਜਾ ਸਕਦਾ ਸੀ ਪਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਇਸ ਨੂੰ ਰੋਕਿਆ ਨਹੀਂ ਗਿਆ। 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਨੋਟਿਸ ਭੇਜਿਆ ਗਿਆ ਤਾਂ ਟੋਲ ਆਪਰੇਟਰ ਕੰਪਨੀ ਅਦਾਲਤ 'ਚ ਪਹੁੰਚ ਗਈ ਪਰ ਸੂਬਾ ਸਰਕਾਰ ਨੇ ਕੇਸ ਜਿੱਤ ਕੇ ਅੱਜ ਇਸ ਨੂੰ ਬੰਦ ਕਰ ਦਿੱਤਾ ਹੈ।
15 ਕਿਲੋਮੀਟਰ ਤੱਕ ਦੇ ਵਸਨੀਕਾਂ ਦੇ ਬਣਦੇ ਨੇ ਪਾਸ
ਸੀਐਮ ਮਾਨ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ 15 ਕਿਲੋਮੀਟਰ ਤੱਕ ਦੇ ਇਲਾਕੇ ਦੇ ਲੋਕਾਂ ਨੂੰ 100-200 ਰੁਪਏ ਪ੍ਰਤੀ ਮਹੀਨਾ ਪਾਸ ਮਿਲਦਾ ਹੈ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਟੋਲ ਪਲਾਜ਼ਾ ਬੰਦ ਹੋ ਸਕਦਾ ਹੈ। ਮਾਨ ਨੇ ਕਿਹਾ ਕਿ ਕੰਪਨੀ ਇਹ ਮੰਨ ਚੱਲ ਰਹੀ ਸੀ ਕਿ ਸਿਰਫ਼ ਦੋ ਹੀ ਸਰਕਾਰਾਂ ਦੀ ਅਦਲਾ ਬਦਲੀ ਹੋਣੀ ਹੈ ਜਦਕਿ ਹੁਣ ‘ਆਪ’ ਸਰਕਾਰ ਨੂੰ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਕੋਰੋਨਾ ਅਤੇ ਹੋਰ ਕਾਰਨਾਂ ਨੂੰ ਆਧਾਰ ਬਣਾ ਕੇ ਵਾਧੂ ਸਮੇਂ ਦੀ ਮੰਗ ਕੀਤੀ ਪਰ ਸੂਬਾ ਸਰਕਾਰ ਨੇ ਨਿਰਧਾਰਤ ਸਮਾਂ ਸੀਮਾ ਤੋਂ ਇੱਕ ਦਿਨ ਵੀ ਵੱਧ ਨਹੀਂ ਦਿੱਤਾ। ਸੀਐਮ ਮਾਨ ਨੇ ਕਿਹਾ ਕਿ ਸਰਕਾਰ ਦੀਆਂ ਕਮੀਆਂ ਦੱਸੀਆਂ ਜਾਣ ਤਾਂ ਜੋ ਸਮੱਸਿਆਵਾਂ ਨੂੰ ਦੂਰ ਕਰਕੇ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਕਈ ਹੋਰ ਵਾਅਦੇ ਵੀ ਕੀਤੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਸੰਗਰੂਰ-ਲੁਧਿਆਣਾ ਰੋਡ 'ਤੇ 2 ਟੋਲ ਪਲਾਜ਼ੇ ਬੰਦ ਕੀਤੇ ਸਨ। ਹੁਸ਼ਿਆਰਪੁਰ-ਟਾਂਡਾ ਰੋਡ 'ਤੇ 1 ਟੋਲ ਪਲਾਜ਼ਾ ,ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ 3 ਟੋਲ ਪਲਾਜ਼ੇ ,4. ਹਾਈ ਲੈਵਲ ਬ੍ਰਿਜ ਮਖੂ 1 ਟੋਲ ਪਲਾਜ਼ਾ ,ਕੀਰਤਪੁਰ ਸਾਹਿਬ-ਨੰਗਲ-ਊਨਾ ਰੋਡ 'ਤੇ 1 ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਸੀ ਅਤੇ ਅੱਜ ਪਟਿਆਲਾ-ਸਮਾਣਾ-ਪਾਤੜਾਂ ਰੋਡ 'ਤੇ 1 ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ ।