Patiala News: ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਵਾਪਰੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਚੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਬੀਤੇ ਕੱਲ੍ਹ ਇਕ ਲੜਕੀ ਵਲੋਂ ਸ਼ਰਾਬ ਪੀਣ ਦੀ ਘਟਨਾ ਬੇਹੱਦ ਦੁਖਦਾਈ ਹੈ।


ਉਨ੍ਹਾਂ ਕਿਹਾ ਕਿ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸਿੱਖ ਵਿਰੋਧੀ ਸ਼ਕਤੀਆਂ ਆਪਣੇ ਮਨਸੂਬਿਆਂ ਵਿੱਚ ਸਫ਼ਲ ਹੋ ਰਹੀਆਂ ਹਨ, ਜਿਸ ਨਾਲ ਕੌਮ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਦੀ ਸਰਕਾਰ ਉੱਚ ਪੱਧਰੀ ਜਾਂਚ ਕਰੇ ਤੇ ਇਹ ਪਤਾ ਲਗਾਵੇ ਕਿ ਕਿਹੜੀਆਂ ਸ਼ਕਤੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਮਾਣ-ਮਰਯਾਦਾ ਨੂੰ ਢਾਹ ਲਗਾਉਣ ਦੀਆਂ ਹਰਕਤਾਂ ਕਰ ਰਹੀਆਂ ਹਨ।

 

ਇਹ ਵੀ ਪੜ੍ਹੋ : Income Tax Return: ਸਰਕਾਰ ਨੇ ਕੀਤਾ ਐਲਾਨ, ਜੇ ਟੈਕਸ ਭਰਨਾ ਹੈ ਤਾਂ ਇਹ Document ਹੋਣਾ ਜ਼ਰੂਰੀ, ਨਹੀਂ ਤਾਂ ਨਹੀਂ ਭਰ ਸਕੋਗੇ ITR

ਦਰਅਸਲ 'ਚ ਗੁਰਦੁਆਰੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਐਤਵਾਰ ਰਾਤ 10 ਵਜੇ ਇੱਕ ਸ਼ਰਧਾਲੂ ਨੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਦੋਸ਼ ਹੈ ਕਿ ਔਰਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਹਦੂਦ 'ਚ ਸਰੋਵਰ ਕੋਲ ਸ਼ਰਾਬ ਪੀ ਰਹੀ ਸੀ। ਇਸ ਦੇ ਨਾਲ ਹੀ ਗੋਲੀਬਾਰੀ 'ਚ ਇੱਕ ਸੇਵਾਦਾਰ ਵੀ ਜ਼ਖਮੀ ਹੋ ਗਿਆ। ਮੁਲਜ਼ਮ ਦੀ ਪਛਾਣ ਪ੍ਰਾਪਰਟੀ ਡੀਲਰ ਨਿਰਮਲ ਸਿੰਘ ਸੈਣੀ ਵਾਸੀ ਪਟਿਆਲਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠੀ ਸ਼ਰਾਬ ਪੀ ਰਹੀ ਸੀ। ਉਹ ਪਹਿਲਾਂ ਪੀਜੀ ਵਿੱਚ ਰਹਿੰਦੀ ਸੀ ਪਰ ਹੁਣ ਉਸਦਾ ਕੋਈ ਸੁਰਾਗ ਨਹੀਂ ਹੈ। ਪਤਾ ਲੱਗਾ ਹੈ ਕਿ ਔਰਤ ਸ਼ਰਾਬ ਦੀ ਆਦੀ ਸੀ। ਉਹ ਵੀ ਪਟਿਆਲਾ ਦੇ ਹੀ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਜ਼ੇਰੇ ਇਲਾਜ ਸੀ। ਇਹ ਔਰਤ ਬੀਤੇ ਦਿਨ ਜ਼ੀਰਕਪੁਰ ਤੋਂ ਬੱਸ ਵਿੱਚ ਬੈਠ ਕੇ ਪਟਿਆਲਾ ਆਈ ਸੀ ਜਿਸ ਰਿਵਾਲਵਰ ਨਾਲ ਮੁਲਜ਼ਮ ਨੇ ਗੋਲੀ ਚਲਾਈ ਉਹ ਲਾਇਸੈਂਸੀ ਹੈ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ।

ਕੀ ਹੈ ਪੂਰਾ ਮਾਮਲਾ?


ਦਰਅਸਲ ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠੀ ਸ਼ਰਾਬ ਪੀ ਰਹੀ ਸੀ ਤੇ ਗੁਰਦੁਆਰੇ ਦੇ ਸੇਵਾਦਾਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਸੇਵਾਦਾਰ ਔਰਤ ਨੂੰ ਪੁੱਛਗਿਛ ਲਈ ਗੁਰਦੁਆਰੇ ਦੇ ਮੈਨੇਜਰ ਦੇ ਕਮਰੇ ਵਿਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਸ਼ਰਾਬ ਦੀ ਬੋਤਲ ਨਾਲ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਜਦੋਂ ਸੇਵਾਦਾਰ ਔਰਤ ਤੋਂ ਪੁੱਛ-ਪੜਤਾਲ ਕਰ ਰਹੇ ਸਨ ਤਾਂ ਦੋਸ਼ੀ ਨਿਰਮਲਜੀਤ ਉਥੇ ਆ ਗਿਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਗੋਲੀਆਂ ਚਲਾਈਆਂ। ਮਹਿਲਾ ਨੂੰ ਤਿੰਨ ਗੋਲੀਆਂ ਲੱਗੀਆਂ, ਜਦਕਿ ਸੇਵਾਦਾਰ ਸਾਗਰ ਕੁਮਾਰ ਨੂੰ ਵੀ ਇੱਕ ਗੋਲੀ ਲੱਗੀ, ਅਜਿਹੇ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।