Patiala news: ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ (ਨਾਨ ਪੁਲਿਟੀਕਲ)ਪੰਜਾਬ ਵੱਲੋਂ ਮਿਤੀ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਪੁਲਿਸ ਨੇ ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ ਮਿਤੀ 10 ਫਰਵਰੀ ਦੀ ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ। ਅੰਬਾਲਾ ਦੇ ਐਸ.ਐਸ.ਪੀ ਵੱਲੋਂ ਲਿਖੇ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਬਾਲਾ ਪੁਲਿਸ ਵਲੋਂ ਅੰਬਾਲਾ-ਦਿੱਲੀ ਆਉਣ ਵਾਲੀ ਟ੍ਰੈਫਿਕ ਨੂੰ ਬਦਲਵੇਂ ਰੂਟ ਨੂੰ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ।


ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸ਼ੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਸੀ-ਅੰਬਾਲਾ-ਦਿੱਲੀ ਰੂਟ ਤੋਂ ਇਲਾਵਾ ਸ਼ੰਭੂ-ਰਾਜਪੁਰਾ-ਬਨੂੜ-ਪੰਚਕੂਲਾ- ਨਾਡਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ-ਸ਼ਾਹਬਾਦ-ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ। ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰਾ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ।


ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਮਿਤੀ 10 ਫਰਵਰੀ ਤੋਂ ਅਗਲੀ ਸੂਚਨਾ ਤੱਕ ਪਟਿਆਲਾ-ਰਾਜਪੁਰਾ-ਸ਼ੰਭੂ ਰਸਤੇ ਅੰਬਾਲਾ-ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।


ਜ਼ਿਕਰ ਕਰ ਦਈਏ ਕਿ 13 ਫਰਵਰੀ ਨੂੰ ਪੰਜਾਬ-ਹਰਿਆਣਾ ਦੇ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ਹਨ। ਪੁਲਿਸ ਆਗੂਆਂ ਨੂੰ ਨਜ਼ਰਬੰਦ ਕਰਨ ਲਈ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਹੀ ਹੈ।


ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸ਼ੰਭੂ ਸਰਹੱਦ ਨੇੜੇ ਸੀਮਿੰਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰਾਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ। ਹੁਣ ਪ੍ਰਸ਼ਾਸਨ ਨੇ ਸ਼ਨੀਵਾਰ ਤੋਂ ਇੱਥੇ ਘੱਗਰ ਨਦੀ 'ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ।


ਸੋਨੀਪਤ ਅਤੇ ਝੱਜਰ ਤੋਂ ਬਾਅਦ ਪੰਚਕੂਲਾ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਪੰਜਾਬ ਦੇ ਕਿਸਾਨ ਵੀ ਦਿੱਲੀ ਜਾਣ ਲਈ ਪੰਚਕੂਲਾ ਰਾਹੀਂ ਹਰਿਆਣਾ ਵਿੱਚ ਦਾਖਲ ਹੋ ਸਕਦੇ ਹਨ।


ਹਰਿਆਣਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਪੰਜਾਬ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਜੇ ਹਾਲਾਤ ਵਿਗੜਦੇ ਹਨ ਤਾਂ ਆਉਣ ਵਾਲੇ ਦਿਨਾਂ 'ਚ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ-152, ਅੰਬਾਲਾ-ਹਿਸਾਰ ਨੈਸ਼ਨਲ ਹਾਈਵੇਅ NH-65, ਪਾਣੀਪਤ-ਜਲੰਧਰ ਨੈਸ਼ਨਲ ਹਾਈਵੇ-44 ਅਤੇ ਅੰਬਾਲਾ-ਕਾਲਾ ਅੰਬ ਨੈਸ਼ਨਲ ਹਾਈਵੇਅ-344 ਨੂੰ ਵੀ ਬੰਦ ਕੀਤਾ ਜਾ ਸਕਦਾ ਹੈ।