Patiala News: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀਆਂ ਨਾਮਜ਼ਦੀਆਂ ਵੇਲੇ ਪਟਿਆਲਾ ਵਿੱਚ ਪਏ ਕਲੇਸ਼ ਉੱਤੇ ਹੁਣ ਹਾਈਕਰੋਟ ਨੇ ਸਖ਼ਤੀ ਕੀਤੀ ਹੈ। ਪਟੀਸ਼ਨਕਾਰਾਂ ਨੇ ਕਿਹਾ ਸੀ ਕਿ ਨਾਮਜ਼ਦਗੀਆਂ ਵੇਲੇ ਉੱਥੇ ਔਰਤਾਂ ਦੇ ਕੱਪੜੇ ਪਾੜੇ ਗਏ ਹਨ ਜਿਸ ਦੀਆਂ ਵੀਡੀਓ ਵੀ ਦਿਖਾਈਆਂ ਗਈਆਂ, ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਹਾਈਕੋਰਟ ਨੇ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਇਹ ਸਭ ਕੁਝ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੋ ਰਿਹਾ ਹੈ, ਹਾਲਾਂਕਿ ਇਸ ਮੌਕੇ ਐਡਵੋਕੇਟ ਜਨਰਲ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਝਾੜ ਲਾਉਂਦਿਆ ਪੁੱਛਿਆ ਕਿ ਤੁਸੀਂ ਕਿਸ ਦੇ ਪੱਖ 'ਚ ਹੋ ? ਜਿਸ ਤੋਂ ਬਾਅਦ ਐਡਵੋਕੇਟ ਜਨਰਲ ਨੇ ਕਿਹਾ ਕਿ FIR ਦਰਜ ਕਰ ਲਈ ਗਈ ਹੈ
ਇਸ ਮੌਕੇ ਹੋ ਰਹੇ ਸਵਾਲ ਜਵਾਬ ਵਿੱਚ ਹਾਈਕੋਰਟ ਵੱਲੋਂ ਪੁੱਛਿਆ ਗਿਆ ਕਿ ਪੁਲਿਸ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਐਡਵੋਕੇਟ ਜਨਰਲ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ ਤਾਂ ਹਾਈਕੋਰਟ ਨੇ ਤਲਖ਼ ਰਵੱਈਏ 'ਚ ਕਿਹਾ, ਤੁਹਾਡੀ ਪੁਲਿਸ ਦੇ ਸਾਹਮਣੇ ਅਪਰਾਧ ਹੋ ਰਿਹਾ ਹੈ ਅਤੇ ਤੁਸੀਂ ਸ਼ਿਕਾਇਤ ਦੀ ਉਡੀਕ ਕਰ ਰਹੇ ਹੋ।
ਇਸ ਤੋਂ ਬਾਅਦ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉੱਥੇ ਮੂਕ ਦਰਸ਼ਕ ਬਣੇ ਹੋਏ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰੋ ਨਹੀਂ ਤਾਂ ਪੂਰੀ ਚੋਣ 'ਤੇ ਪਾਬੰਦੀ ਲੱਗ ਸਕਦੀ ਹੈ। ਇਸ ਦੇ ਨਾਲ ਹੀ ਕਿਹਾ ਹਰ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਦੀ ਪਛਾਣ ਹੋਣੀ ਚਾਹੀਦੀ ਹੈ ਤੇ ਇਨ੍ਹਾਂ ਸਾਰਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ। ਹਾਈਕੋਰਟ ਨੇ ਕਿਹਾ ਕਿ ਔਰਤ ਦੇ ਕੱਪੜੇ ਪਾੜੇ ਜਾ ਰਹੇ ਹਨ ਤੇ ਉਥੇ ਖੜ੍ਹੇ ਪੁਲਿਸ ਮੁਲਾਜ਼ਮ ਉਸ ਨੂੰ ਰੋਕਣ ਦੀ ਬਜਾਏ ਵੀਡੀਓ ਬਣਾ ਰਹੇ ਹਨ। ਇਹ ਅਸਹਿ ਹੈ।
ਇਸ ਮੌਕੇ ਐਡਵੋਕੇਟ ਜਨਰਲ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਅਦਾਲਤ ਨੇ ਮਹਿਜ਼ 15 ਮਿੰਟ ਦਾ ਸਮਾਂ ਦਿੱਤਾ ਤੇ ਉਨ੍ਹਾਂ ਨੂੰ ਕਾਰਵਾਈ ਕਰਨ ਤੇ ਵਾਪਸ ਆਉਣ ਦੇ ਆਦੇਸ਼ ਦਿੱਤੇ। ਐਡਵੋਕੇਟ ਜਨਰਲ ਨੇ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ ਤਾਂ ਅਦਾਲਤ ਨੇ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਹਰ ਪੁਲਿਸ ਵਾਲੇ ਦਾ ਨਾਮ ਦੱਸੋ। ਹਾਲਾਂਕਿ ਇਸ ਮੌਕੇ AG ਨੇ ਕਿਹਾ ਕਿ ਸਾਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਅਦਾਲਤ ਨੇ ਸਖ਼ਤੀ ਦਿਖਾਉਂਦਿਆਂ ਕਿਹਾ ਕਿ ਜੇ ਅਜਿਹਾ ਹੈ ਤਾਂ ਅਸੀਂ ਪੂਰੀ ਚੋਣ 'ਤੇ ਰੋਕ ਲਗਾ ਦੇਵਾਂਗੇ। ਜਾਂ ਇੱਕ ਘੰਟੇ ਵਿੱਚ ਪੁਲਿਸ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਉੱਤੇ ਕਾਰਵਾਈ ਕਰੋ ਨਹੀਂ ਤਾਂ ਚੋਣ ਰੱਦ ਕਰ ਦਿੱਤੀ ਜਾਵੇਗੀ।