Patiala News: ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਆਪਣੇ ਹੀ ਸ਼ਹਿਰ ਸਮਾਣਾ ਵਿਚਲੇ ਸਰਕਾਰੀ ਸਿਵਲ ਹਸਪਤਾਲ ਵਿਚਲਾ ਪਾਣੀ ਲੋਕਾਂ ਦੇ ਪੀਣ ਲਾਇਕ ਨਹੀਂ। ਇਹ ਟੈਸਟ ਕਿਸੇ ਹੋਰ ਕੋਲੋਂ ਨਹੀਂ, ਬਲਕਿ ਪੰਜਾਬ ਸਰਕਾਰ ਦੀ ਹੀ ਲੈਬ ਵਿੱਚੋਂ ਕਰਵਾਏ ਗਏ ਟੈਸਟਾਂ ਦੌਰਾਨ ਸਾਹਮਣੇ ਆਏ ਹਨ। ਇਸ ਦੌਰਾਨ ਟੈਸਟ ਲਈ ਭੇਜੇ ਗਏ ਪੀਣ ਵਾਲੇ ਪਾਣੀ ਦੇ ਪੰਜ ਸੈਂਪਲ ਫੇਲ੍ਹ ਪਾਏ ਗਏ ਹਨ। ਰਿਪੋਰਟ ਵਿੱਚ ਇਸ ਪਾਣੀ ਨੂੰ ਨਾ ਪੀਣਯੋਗ ਕਰਾਰ ਦਿੱਤਾ ਗਿਆ ਹੈ।
ਸਿਵਲ ਹਸਪਤਾਲ ਸਮਾਣਾ ਦੇ ਐਸਐਮਓ ਡਾ. ਰਿਸ਼ਮਾ ਨੇ ਪਾਣੀ ਦੇ ਸੈਂਪਲ ਫੇਲ੍ਹ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪਹਿਲਾਂ ਵੀ ਸਾਫ਼ ਸਫਾਈ ਦਾ ਵਧੇਰੇ ਖਿਆਲ ਰੱਖਿਆ ਜਾਂਦਾ ਹੈ, ਪਰ ਹੁਣ ਹੋਰ ਵਧੇਰੇ ਚੌਕਸੀ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਟੈਂਕਾਂ ਦੀ ਮੁੜ ਤੋਂ ਸਫ਼ਾਈ ਕਰਵਾਉਣ ਸਮੇਤ ਪਾਣੀ ’ਚ ਸਮੇਂ ਸਮੇਂ ’ਤੇ ਕਲੋਰੀਨ ਦੀਆਂ ਗੋਲੀਆਂ ਵੀ ਪਾਈਆਂ ਜਾ ਰਹੀਆਂ ਹਨ।
ਹਾਸਲ ਜਾਣਕਾਰੀ ਅਨੁਸਾਰ ਸੈਂਪਲਾਂ ਵਿੱਚ ਬੈਕਟੀਰੀਆ ਦੱਸੇ ਗਏ ਹਨ, ਜਿਸ ਨਾਲ ਪੇਚਿਸ਼ ਦੀ ਬਿਮਾਰੀ ਹੋਣ ਦਾ ਖਤਰਾ ਹੈ। ਪਟਿਆਲਾ ਜ਼ਿਲ੍ਹੇ ’ਚ ਪਿਛਲੇ ਸਮੇਂ ਦੌਰਾਨ ਪੇਚਿਸ਼ ਦੇ ਪੰਜ ਸੌ ਤੋਂ ਵੱਧ ਮਰੀਜ਼ ਮਿਲੇ ਸਨ, ਜਿਨ੍ਹਾਂ ’ਚੋਂ ਚਾਰ ਬੱਚਿਆਂ ਦੀ ਮੌਤ ਵੀ ਹੋ ਗਈ ਸੀ।
ਉੱਧਰ, ਸਿਹਤ ਵਿਭਾਗ ਵੱਲੋਂ ਹਰ ਹਫਤੇ ‘ਫਰਾਈਡੇਅ-ਡਰਾਈਡੇਅ’ ਦੇ ਬੈਨਰ ਹੇਠ ਲੋਕਾਂ ਦੇ ਘਰਾਂ, ਦਫ਼ਤਰਾਂ ਤੇ ਹੋਰ ਥਾਵਾਂ ’ਤੇ ਜਾ ਕੇ ਪਾਣੀ ਦੀ ਚੈਕਿੰਗ ਕੀਤੀ ਜਾਂਦੀ ਹੈ। ਮੌਨਸੂਨ ਦੇ ਸੀਜ਼ਨ ’ਚ ਸਿਹਤ ਵਿਭਾਗ ਨੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ-ਆਪਣੇ ਪਾਣੀ ਦੇ ਟੈਂਕ ਸਾਫ ਕਰਵਾਉਣ, ਪਰ ਇਸ ਦੇ ਉਲਟ ਸਿਹਤ ਵਿਭਾਗ ਦਾ ਆਪਣਾ ਹੀ ਪਾਣੀ ਪੀਣਯੋਗ ਨਹੀਂ ਹੈ।
ਸਿੱਖਿਆ ਤੇ ਸਿਹਤ ਵਿਭਾਗ ’ਚ ਸੁਧਾਰ ‘ਆਪ’ ਸਰਕਾਰ ਦੇ ਮੁੱਖ ਏਜੰਡੇ ’ਤੇ ਹਨ। ਇਸੇ ਕੜੀ ਵਜੋਂ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਪੰਜਾਬ ਭਰ ਦੇ ਹਸਪਤਾਲਾਂ ਤੱਕ ਖੁਦ ਪਹੁੰਚ ਕਰ ਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਪਰ ਉਨ੍ਹਾਂ ਦੇ ਹੀ ਸ਼ਹਿਰ ਦੇ ਹਸਪਤਾਲ ਵਿਚਲਾ ਪਾਣੀ ਪੀਣਯੋਗ ਨਾ ਹੋਣਾ, ਮੰਦਭਾਗੀ ਗੱਲ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੀ ਚੈਕਿੰਗ ਨੂੰ ਪਾਰਦਰਸ਼ੀ ਰੱਖਣ ਦੀ ਉਨ੍ਹਾਂ ਵੱਲੋਂ ਖ਼ੁਦ ਹੀ ਹਦਾਇਦ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ’ਤੇ ਸਿਹਤ ਮੰਤਰੀ ਨੇ ਅੰਦਰੋਗਤੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਚੰਗੀ ਖਿਚਾਈ ਵੀ ਕੀਤੀ ਹੈ।