Patiala News: ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਏਜੰਸੀਆਂ ਵਿਦੇਸ਼ਾਂ ’ਚ ਜਾ ਕੇ ਵੀ ਮੌਤ ਦੇ ਘਾਟ ਉਤਾਰ ਰਹੀਆਂ ਹਨ। ਉਨ੍ਹਾਂ ਕੈਨੇਡਾ ਤੇ ਪਾਕਿਸਤਾਨ ਸਮੇਤ ਅਜਿਹੀਆਂ ਘਟਨਾਵਾਂ ਨਾਲ ਸਬੰਧਤ ਹੋਰਨਾਂ ਦੇਸ਼ਾਂ ਨੂੰ ਵੀ ਸਿੱਖਾਂ ਦੀ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। 



ਸਿਮਰਨਜੀਤ ਮਾਨ ਨੇ ਦਲੀਲ ਦਿੱਤੀ ਕਿ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਜਾਨ-ਮਾਲ ਦੀ ਰੱਖਿਆ ਦਾ ਜ਼ਿੰਮਾ ਵੀ ਓਟਣਾ ਬਣਦਾ ਹੈ। ਉਨ੍ਹਾਂ ਰਿਪੁਦਮਨ ਸਿੰਘ ਮਲਿਕ, ਹਰਜਿੰਦਰ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ ਤੇ ਪਰਮਜੀਤ ਸਿੰਘ ਪੰਜਵੜ੍ਹ ਤੇ ਦੀਪ ਸਿੱਧੂ ਦੀ ਮੌਤ ਪਿੱਛੇ ਕਥਿਤ ਤੌਰ ’ਤੇ ਕੇਂਦਰੀ ਏਜੰਸੀਆਂ ਦਾ ਹੱਥ ਕਰਾਰ ਦਿੱਤਾ। 



ਦੱਸ ਦਈਏ ਕਿ ਲੰਘੇ ਦਿਨ ਸਿਮਰਨਜੀਤ ਮਾਨ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਮਿਲਣ ਪੁੱਜੇ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਤਾਂ ਉਹ ਵੱਖ-ਵੱਖ ਵਿੱਦਿਅਕ ਅਦਾਰਿਆਂ ’ਚ ਹੁੰਦੇ ਵਿਦਿਆਰਥੀਆਂ ਦੇ ਸ਼ੋਸ਼ਣ ਦਾ ਮੁੱਦਾ ਲੋਕ ਸਭਾ ’ਚ ਉਠਾਉਣਗੇ।



ਇਸ  ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਦੇ ਮਾਮਲੇ ਵਿੱਚ ਵਿਦਿਆਰਥੀ ਇਕਜੁੱਟ ਹੁੰਦਿਆਂ ਸੋਮਵਾਰ ਤੋਂ ਮੁੱਖ ਗੇਟ ’ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਯੂਨਾਈਟਡ ਸਟੂਡੈਂਟਸ ਫੈਡਰੇਸ਼ਨ ਨੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪ੍ਰੋਫੈਸਰ ਨੂੰ ਮੁਅੱਤਲ ਕਰਨ ਤੇ ਵਿਦਿਆਰਥੀਆਂ ਖਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ ਹੈ। 


ਉਧਰ, ਵਿਦਿਆਰਥੀਆਂ ਦੇ ਹੱਕ ’ਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਨਿਰਪੱਖ ਕਾਰਵਾਈ ’ਤੇ ਜ਼ੋਰ ਦਿੱਤਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਤੇ ਹਰਭਜਨ ਕਸ਼ਮੀਰੀ ਵੀ ਮੌਜੂਦ ਸਨ। 


ਦਰਅਸਲ ਜਸ਼ਨਦੀਪ ਦੀ ਕਲਾਸ ’ਚ ਤਬੀਅਤ ਵਿਗੜਨ ਮਗਰੋਂ ਉਸੇ ਰਾਤ ਆਪਣੇ ਘਰ ’ਚ ਮੌਤ ਹੋ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅਧਿਆਪਕ ਵੱਲੋਂ ਸਮੇਂ-ਸਿਰ ਛੁੱਟੀ ਨਾ ਦੇਣ ਤੇ ਮਾੜੇ ਵਤੀਰੇ ਕਾਰਨ ਪੈਦਾ ਹੋਈ ਮਾਨਸਿਕ ਪ੍ਰੇਸ਼ਾਨੀ ਹੀ ਉਸ ਦੀ ਮੌਤ ਦਾ ਕਾਰਨ ਬਣੀ ਹੈ। ਉਨ੍ਹਾਂ ਪ੍ਰੋਫੈਸਰ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।