Patiala News: ਪਟਿਆਲਾ ਜ਼ਿਲ੍ਹੇ 'ਚ ਫ਼ਸਲੀ ਵਿਭਿੰਨਤਾ ਲਿਆਉਣ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹੁਣੇ ਤੋਂ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਪੱਧਰ 'ਤੇ ਜਾਗਰੂਕਤਾ ਕੈਂਪ ਸ਼ੁਰੂ ਕਰ ਦਿੱਤੇ ਗਏ ਹਨ, ਇਸੇ ਲੜੀ ਤਹਿਤ ਅੱਜ ਭਾਦਸੋਂ ਵਿਖੇ ਅਨਾਜ ਮੰਡੀ 'ਚ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਲਈ ਉਤਸ਼ਾਹਤ ਕਰਨ ਲਈ ਕੈਂਪ ਲਗਾਇਆ ਗਿਆ, ਜਿਸ 'ਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ।
ਸਾਕਸ਼ੀ ਸਾਹਨੀ ਨੇ ਕੈਂਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਦਿਨੋਂ ਦਿਨ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਅਤੇ ਦੂਸ਼ਿਤ ਹੋ ਰਿਹਾ ਵਾਤਾਵਰਣ ਚਿੰਤਾ ਦਾ ਵਿਸ਼ਾ ਹੈ ਜੇਕਰ ਅਸੀ ਹੁਣ ਵੀ ਇਨ੍ਹਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਦੇ ਘਾਤਕ ਨਤੀਜੇ ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਫ਼ਸਲੀ ਵਿਭਿੰਨਤਾ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਮੂੰਗੀ 'ਤੇ ਐਮ.ਐਸ.ਪੀ. ਸਮੇਤ ਫਲਾਂ ਤੇ ਫੁੱਲਾਂ ਦੀ ਕਾਸ਼ਤ ਕਰਨ ਵਾਲਿਆਂ ਲਈ ਵੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਂਆਂ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਸਾਰੇ ਬਲਾਕਾਂ 'ਚ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਜੋ 3 ਹਜ਼ਾਰ ਹੈਕਟੇਅਰ ਹੋਰ ਰਕਬਾ ਫ਼ਸਲੀ ਵਿਭਿੰਨਤਾ ਹੇਠ ਲਿਆਉਣ ਦਾ ਟੀਚਾ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ 'ਚ ਕਿਸਾਨਾਂ ਨੂੰ ਗੰਨੇ ਹੇਠ ਰਕਬਾ ਵਧਾਉਣ ਤੇ ਗੰਨੇ ਦੀਆਂ ਕਿਸਮਾਂ ਸਮੇਤ ਮਾਹਰਾਂ ਵੱਲੋਂ ਜ਼ਰੂਰੀ ਸੁਝਾਅ ਦਿੱਤੇ ਗਏ ਹਨ।
ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਿਥੇ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਲਾਕਾਂ 'ਚ ਜਾਗਰੂਕਤਾ ਵੈਨ ਰਾਹੀਂ ਵੀ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।