Patiala News: ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਅਹੁਦੇਦਾਰਾਂ ਵਿਚਾਲੇ ਕਲੇਸ਼ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਵੀ ਰਹਿ-ਰਹਿ ਕੇ ਇਹੋ ਜਿਹੀ ਖਿੱਚੋਤਾਣ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਗ਼ਰੀਬ ਰੇਹੜੀਆਂ ਵਾਲੇ ਪਿਸ ਰਹੇ ਹਨ।


ਜ਼ਿਕਰ ਕਰ ਦਈਏ ਕਿ ਪਟਿਆਲਾ ਦੇ ਨਗਰ ਨਿਗਮ ਦੇ ਵਿੱਚ ਮਹੀਨਾ ਪਹਿਲਾਂ ਹੋਈ ਮੀਟਿੰਗ ਦੇ ਵਿੱਚ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵਿੱਚ ਸ਼ਹਿਰ ਦੇ ਮੁੱਖ ਚੌਕਾ ਵਿੱਚੋਂ ਰੇਹੜੀਆਂ ਚੁਕਵਾਉਣ ਦੇ ਨਿਰਦੇਸ਼ ਬੜੀ ਸਖ਼ਤੀ ਨਾਲ ਨਿਗਮ ਅਧਿਕਾਰੀਆਂ ਨੂੰ ਦਿੱਤੇ ਗਏ ਸਨ।


ਇਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਗ਼ਲਤ ਥਾਵਾਂ ਉੱਤੇ ਖੜ੍ਹੀਆਂ ਰੇਹੜੀਆਂ ਨੂੰ ਚੁਕਵਾਇਆ ਜਾਣ ਲੱਗ ਪਿਆ, ਇਸ ਮੌਕੇ ਉਨ੍ਹਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਤਾਂ ਇਸ ਦੌਰਾਨ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਮੌਕੇ ਉੱਤੇ ਪਹੁੰਚ ਜਾਂਦੇ ਹਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਾੜਨਾਂ ਕਰਦੇ ਹਨ ਤੇ ਉਨ੍ਹਾਂ ਵੱਲੋਂ ਰੇਹੜੀ ਵਾਲਿਆਂ ਨਾਲ ਧੱਕੇ ਦੀ ਗੱਲ ਵੀ ਕਹੀ ਜਾਂਦੀ ਹੈ।


ਇਸ ਦੌਰਾਨ ਅੱਜ ਪਟਿਆਲਾ ਦੇ ਨਗਰ ਨਿਗਮ ਦੇ ਵਿੱਚ ਰੇਹੜੀ ਵਾਲਿਆਂ ਵੱਲੋਂ ਵੱਡਾ ਧਰਨਾ ਦਿੱਤਾ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਵਿਧਾਇਕ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ ਤੇ ਬਲਤੇਜ ਪੰਨੂ ਉਨ੍ਹਾਂ ਦੇ ਹੱਕ ਵਿੱਚ ਆਏ ਹਨ। ਇਸ ਮੌਕੇ ਉਨ੍ਹਾਂ ਰੇਹੜੀ ਵਾਲਿਆਂ ਉੱਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਇਸ ਧਰਨੇ ਦੇ ਵਿੱਚ ਬਲਤੇਜ ਪੰਨੂ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਬਾਅਦ ਦੇ ਵਿੱਚ ਉਨਾਂ ਦੇ ਨਾਲ ਜੁੜੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਇਸ ਧਰਨੇ ਦੀ ਨੁਮਾਇੰਦਗੀ ਕੀਤੀ ਗਈ।


ਬੇਸ਼ੱਕ ਇਹ ਮਾਮਲਾ ਰੇਹੜੀਆਂ ਚੁਕਵਾਉਣ ਦਾ ਹੈ  ਪਰ ਹੁਣ ਇਸ ਸਿਆਸਤ ਦਾਖ਼ਲ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰ ਦੇ ਵਿੱਚ ਪਹਿਲਾਂ ਹੀ ਦੋ ਧੜੇ ਦਿਖਾਈ ਦਿੰਦੇ ਸਨ ਅਤੇ ਹੁਣ ਰੇੜੀਆਂ ਵਾਲੇ ਮਸਲੇ ਤੇ ਇਹ ਧੜੇ ਜੱਗ ਉਜਾਗਰ ਹੋ ਗਏ ਹਨ।।