Punjab News: ਪੰਜਾਬ ਕਾਂਗਰਸ ਦੇ ਆਗੂਆਂ ਦਾ ਆਪਸੀ ਕਲੇਸ਼ ਵਧਦਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਿਆ ਸੀ ਅਤੇ ਉਨ੍ਹਾਂ ਨੂੰ ਕਾਂਗਰਸ ਦੇ ਧਰਨਿਆਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਹੁਣ ਸਿੱਧੂ ਨੂੰ ਲੈ ਕੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਸ ਸਬੰਧੀ ਇੱਕ ਪੋਸਟ ਕੀਤੀ ਗਈ ਹੈ। ਇਹ ਪੋਸਟ ਉਨ੍ਹਾਂ ਦੇ ਸਮਰਥਕਾਂ ਨੇ ਕੀਤੀ ਹੈ।
ਪੋਸਟ 'ਚ ਲਿਖਿਆ ਹੈ, 'ਬਾਜਵਾ ਸਾਬ੍ਹ, ਅਸੀਂ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਕਾਂਗਰਸ ਦੇ ਪ੍ਰੋਗਰਾਮਾਂ 'ਚ ਨਾ ਤਾਂ ਸਾਨੂੰ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਜਾਵੇ, ਜੇਕਰ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ 'ਤੇ ਰੈਲੀ ਕਰਦੇ ਹਾਂ ਤੇ ਜੇਕਰ ਅਸੀਂ 8 ਹਜ਼ਾਰ ਤੋਂ ਵੱਧ ਦੀ ਭੀੜ ਇਕੱਠੀ ਕੀਤੀ ਹੈ ਤਾਂ ਸਾਨੂੰ ਹੌਸਲਾ ਦੇਣ ਦੀ ਬਜਾਏ ਮਾੜਾ ਕਿਉਂ ਕਿਹਾ ਜਾ ਰਿਹਾ ਹੈ? ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਕੰਮ ਕਰ ਰਹੇ ਹਾਂ।"
'ਪਾਰਟੀ ਵਿੱਚ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ?'
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਵਿਰੋਧੀ ਧਿਰ ਵਜੋਂ ਤੁਸੀਂ ਕੋਈ ਵੱਡਾ ਸਮਾਗਮ ਨਹੀਂ ਕੀਤਾ, ਜਦੋਂ ਕਿ ਅਸੀਂ ਖੁੱਲ੍ਹੀ ਰੈਲੀ ਕਰਕੇ ਸਰਕਾਰ ਤੋਂ ਨਾਰਾਜ਼ ਲੋਕਾਂ ਦੇ ਸਵਾਲਾਂ ਨੂੰ ਅੱਗੇ ਰੱਖਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ ਹੈ। ਜੇ ਸਿੱਧੂ ਵਰਗੇ ਆਗੂ ਨੇ ਵਰਕਰਾਂ ਦੀ ਬਾਂਹ ਫੜੀ ਹੋਈ ਹੈ ਤਾਂ ਇਹ ਗੱਲ ਕੁਝ ਆਗੂਆਂ ਨੂੰ ਕਿਉਂ ਪਰੇਸ਼ਾਨ ਕਰ ਰਹੀ ਹੈ। ਉਮੀਦ ਹੈ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਤੇ ਆਮ ਵਰਕਰ ਦਾ ਪੱਖ ਲਵੇਗੀ "
ਇਨ੍ਹਾਂ ਕਾਂਗਰਸੀ ਆਗੂਆਂ ਨੇ ਸਿੱਧੂ ਦਾ ਸਮਰਥਨ ਕੀਤਾ
ਇਸ ਦੇ ਨਾਲ ਹੀ ਸਿੱਧੂ ਦੀ ਹਮਾਇਤ ਕਰਨ ਵਾਲੇ ਸਾਬਕਾ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦੇ ਨਾਂ ਲਿਖੇ ਗਏ ਹਨ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਅਮਲਾ, ਜਗਦੇਵ ਸਿੰਘ ਕਮਾਲੂ, ਵਿਜੇ ਕਾਲੜਾ, ਹਲਕਾ ਇੰਚਾਰਜ ਗੁਰੂਹਰਸਹਾਏ ਹਰਵਿੰਦਰ ਸਿੰਘ ਲਾਡੀ ਹਲਕਾ ਇੰਚਾਰਜ ਬਠਿੰਡਾ ਦੇਹਾਕੀ, ਰਾਜਬੀਰ ਸਿੰਘ ਰਾਜਾ ਰਾਮਪੁਰਾ ਫੂਲ, ਇੰਦਰਜੀਤ ਸਿੰਘ ਢਿੱਲੋਂ ਨਾਂਅ ਸ਼ਾਮਲ ਹਨ।