Punjab News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰੋਪੜ ਵਿੱਚ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੇ ਜਾਣ ਦੇ ਦੋਸ਼ ਵਿੱਚ ਹਾਈ ਕੋਰਟ ਦੀ ਨਿਗਰਾਨੀ ਜਾਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇੱਕ ਬਿਆਨ ਵਿੱਚ ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਦੀ 2023 ਦੀ ਮਾਈਨਿੰਗ ਨੀਤੀ ਵਿੱਚ ਗਾਰ ਕੱਢਣ ’ਤੇ ਪਾਬੰਦੀ ਦੇ ਬਾਵਜੂਦ ਇਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਚੰਦਪੁਰਾ ਵਿੱਚ ਰੇਤ ਦੀ ਖੁਦਾਈ ਲਈ ਭਾਰੀ ਮਸ਼ੀਨਰੀ ਨਾਲ ਵੱਡੇ ਪੱਧਰ ’ਤੇ ਗਾਰ ਕੱਢਣ ਦਾ ਕੰਮ ਚੱਲ ਰਿਹਾ ਹੈ।


ਮਜੀਠੀਆ ਨੇ ਕਿਹਾ, "ਪਿੰਡ ਵਾਸੀਆਂ ਦੇ ਵਿਰੋਧ ਦਾ ਮਾਈਨਿੰਗ ਵਿਭਾਗ ਜਾਂ ਜ਼ਿਲ੍ਹਾ ਪੁਲਿਸ 'ਤੇ ਕੋਈ ਅਸਰ ਨਹੀਂ ਪਿਆ, ਕਿਉਂਕਿ ਮਾਈਨਿੰਗ ਕਰਨ ਵਾਲਿਆਂ ਨੂੰ ਸਰਕਾਰੀ ਸੁਰੱਖਿਆ ਮਿਲਦੀ ਹੈ।" ਮੰਤਰੀ ਅਤੇ ਸਾਥੀਆਂ ਵੱਲੋਂ ਰੋਪੜ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ 6 ਰੁਪਏ ਪ੍ਰਤੀ ਕਿਊਬਿਕ ਫੁੱਟ ਦੀ ਫੀਸ ਲਾ ਕੇ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਵੀ ਕਾਨੂੰਨੀ ਮਾਈਨਿੰਗ ਵਿੱਚ ਤਬਦੀਲ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਆਪ ਸਰਕਾਰ ਰੇਤੇ ਨੂੰ ਕਾਨੂੰਨੀ ਰੂਪ ਦੇ ਰਹੀ ਹੈ, ਜਿਨ੍ਹਾਂ ਇਲਾਕਿਆਂ 'ਚ ਗੈਰ ਕਾਨੂੰਨੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਮਿਲੀ ਹੈ।


ਅਕਾਲੀ ਆਗੂ ਨੇ ਅੱਗੇ ਕਿਹਾ, "ਅਜਿਹੀਆਂ ਕਾਰਵਾਈਆਂ ਨੇ ਪੰਜਾਬ ਨੂੰ ਗੈਰ-ਕਾਨੂੰਨੀ ਤਸਕਰਾਂ ਲਈ ਇੱਕ ਵਰਚੁਅਲ ਟਾਪੂ ਬਣਾ ਦਿੱਤਾ ਹੈ, ਜਿੱਥੇ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਕਿ ਸਮੱਗਰੀ ਰਾਜ ਤੋਂ ਆ ਰਹੀ ਹੈ ਜਾਂ ਬਾਹਰੋਂ।" ਇਸ ਨੂੰ ਸਰਕਾਰੀ ਖਜ਼ਾਨੇ ਦੀ ਸ਼ਰੇਆਮ ਲੁੱਟ ਦੱਸਦਿਆਂ ਮਜੀਠੀਆ ਨੇ ਕਿਹਾ, “ਇਸ ਲਈ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਮੁੱਚੀ ਪਾਰਟੀ ਜ਼ਿੰਮੇਵਾਰ ਹੈ ਕਿਉਂਕਿ ਗੈਰ-ਕਾਨੂੰਨੀ ਮਾਈਨਿੰਗ ਤੋਂ ਪ੍ਰਾਪਤ ਪੈਸਾ ਪਾਰਟੀ ਆਗੂਆਂ ਦੇ ਨਾਲ-ਨਾਲ ਦੂਜੇ ਰਾਜਾਂ ਦੇ ਖਜ਼ਾਨੇ ਭਰਨ ਲਈ ਵਰਤਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਦਿੱਲੀ ਤੱਕ ਪੈਸੇ ਦੀ ਆਵਾਜਾਈ ਦਾ ਸੁਤੰਤਰ ਜਾਂਚ ਹੀ ਪਤਾ ਲਗਾ ਸਕਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ।


ਇਹ ਵੀ ਪੜ੍ਹੋ: Amritsar News: ਮਜੀਠੀਆ ਨੂੰ ਸੀਐਮ ਭਗਵੰਤ ਮਾਨ ਨਾਲ ਪੰਗਾ ਪਿਆ ਪੁੱਠਾ? ਜਾਣੋ ਆਖਰ ਕਿਉਂ ਕੀਤਾ ਸਿੱਟ ਨੇ ਤਲਬ?