Jalandhar News: ਅੱਜਕਲ੍ਹ ਹਰ ਵਿਅਕਤੀ ਆਪਣੇ ਸੁਪਨਿਆਂ ਦੇ ਮਹਿਲ ਯਾਨੀ ਆਪਣੇ ਘਰ ਨੂੰ ਖੂਬਸੂਰਤ ਬਣਾਉਣ ਲਈ ਲੱਖਾਂ-ਕਰੋੜਾਂ ਰੁਪਏ ਖਰਚ ਕਰਦਾ ਹੈ। ਹਰ ਇਨਸਾਨ ਚਾਹੁੰਦਾ ਹੈ ਕਿ ਉਨ੍ਹਾਂ ਦਾ ਘਰ ਸੁੰਦਰ ਲੱਗੇ ਤੇ ਲੋਕ ਇਸ ਦੀ ਖੂਬ ਤਾਰੀਫ ਕਰਨ। ਜੇਕਰ ਪੰਜਾਬੀਆਂ ਦੇ ਗੱਲ ਕਰੀਏ ਤਾਂ ਖਾਣ-ਪੀਣ ਦੇ ਸ਼ੌਂਕ ਦੇ ਨਾਲ ਹੀ ਰਹਿਣ ਲਈ ਸ਼ਾਨਦਾਰ ਮਕਾਨ ਵੀ ਇਨ੍ਹਾਂ ਦਾ ਸੁਪਨਾ ਹੁੰਦਾ ਹੈ। 


ਇਸ ਲਈ ਅਕਸਰ ਹੀ ਪੰਜਾਬੀਆਂ ਦੀ ਰਿਹਾਇਸ਼ਾਂ ਬਾਰੇ ਕਈ ਕਿੱਸੇ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਕਿੱਸਾ ਜਲੰਧਰ ਦਾ ਹੈ ਜੇ ਕਾਫੀ ਚਰਚਾ ਵਿੱਚ ਹੈ। ਜਲੰਧਰ ਵਿੱਚ ਪੀਆਰਟੀਸੀ ਦੇ ਇੱਕ ਸੇਵਾਮੁਕਤ ਮੁਲਾਜ਼ਮ ਨੇ ਆਪਣੇ ਘਰ ਦੀ ਛੱਤ 'ਤੇ ਪੀਟੀਆਰਟੀਸੀ ਦੀ ਬੱਸ ਬਣਾ ਦਿੱਤੀ। ਪੀਆਰਟੀਸੀ ਤੋਂ ਸੇਵਾਮੁਕਤ ਰੇਸ਼ਮ ਸਿੰਘ ਨੇ ਆਪਣੇ ਘਰ ਦੀ ਛੱਤ 'ਤੇ ਬਣਵਾਈ ਬੱਸ ਕਾਫੀ ਚਰਚਾ ਵਿੱਚ ਹੈ। ਇਸ ਕਰਕੇ ਹੁਣ ਉਨ੍ਹਾਂ ਦਾ ਘਰ ਬੱਸ ਵਾਲੀ ਕੋਠੀ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ।









ਸੀਟਾਂ 'ਤੇ ਲਿਖੇ ਵੱਖ-ਵੱਖ ਲੋਕਾਂ ਦੇ ਨਾਂ
ਰੇਸ਼ਮ ਸਿੰਘ ਵੱਲੋਂ ਆਪਣੇ ਘਰ ਦੀ ਛੱਤ ’ਤੇ ਬਣੀ ਬੱਸ ਵਿੱਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਵਿੱਚ ਕੰਮ ਕਰਨ ਵਾਲੇ ਆਪਣੇ ਪਿੰਡ ਦੇ ਸਾਰੇ ਲੋਕਾਂ ਲਈ ਸੀਟਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ਵੀ ਲਿਖੇ ਗਏ ਹਨ। ਰੇਸ਼ਮ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਘਰ ਦੀ ਛੱਤ 'ਤੇ ਬੱਸ ਕਿਉਂ ਬਣਾਈ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬੱਸ 'ਚ ਪਿੰਡ ਦੇ ਸਾਰੇ ਲੋਕਾਂ ਦੀਆਂ ਯਾਦਾਂ ਸਮਾਈਆਂ ਰਹਿਣ।


ਉਨ੍ਹਾਂ ਕਿਹਾ ਕਿ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਕਿਹੜੇ-ਕਿਹੜੇ ਲੋਕਾਂ ਨੇ ਟਰਾਂਸਪੋਰਟ ਦਾ ਕੰਮ ਕੀਤਾ ਹੈ। ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਬੱਸ ਵਿੱਚ ਕੁਝ ਛੋਟੀਆਂ-ਮੋਟੀਆਂ ਚੀਜ਼ਾਂ ਪਾਉਣੀਆਂ ਬਾਕੀ ਹਨ। ਜਿਉਂ-ਜਿਉਂ ਚੀਜ਼ਾਂ ਉਨ੍ਹਾਂ ਦੇ ਮਨ ਵਿੱਚ ਆਉਂਦੀਆਂ ਰਹਿੰਦੀਆਂ ਹਨ, ਉਹ ਉਨ੍ਹਾਂ ਨੂੰ ਬੱਸ ਵਿੱਚ ਲਾ ਦਿੰਦੇ ਹਨ।


ਪ੍ਰਵਾਸੀ ਭਾਰਤੀ ਬੱਸ ਦੇਖਣ ਆਉਂਦੇ
ਇਸ ਬਾਰੇ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਨਾਲ-ਨਾਲ ਐਨਆਰਆਈ ਲੋਕ ਵੀ ਬੱਸ ਦੇਖਣ ਆਉਂਦੇ ਰਹਿੰਦੇ ਹਨ। ਉਹ ਯਕੀਨੀ ਤੌਰ 'ਤੇ ਬੱਸ ਦੀਆਂ ਯਾਦਾਂ ਨੂੰ ਆਪਣੇ ਫ਼ੋਨ ਦੇ ਕੈਮਰੇ ਵਿੱਚ ਕੈਦ ਕਰਦੇ ਹਨ ਤੇ ਇਸ ਨੂੰ ਆਪਣੇ ਨਾਲ ਲੈ ਜਾਂਦੇ ਹਨ। ਬੱਸ ਦੇ ਸਟੇਅਰਿੰਗ ਤੋਂ ਲੈ ਕੇ ਸੀਟਾਂ ਤੱਕ ਬਿਲਕੁਲ ਪੀਆਰਟੀਸੀ ਵਾਂਗ ਹੈ। ਇਸ ਦੇ ਨਾਲ ਹੀ ਬੱਸ ਵਿੱਚ ਐਲਸੀਡੀ ਵੀ ਲਗਾਈ ਗਈ ਹੈ।