Sri Muktsar Sahib - ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਇੱਕ ਸਾਲ ਅਤੇ 7 ਮਹੀਨੇ ਹੋ ਗਏ ਹਨ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਸਾਲਾਂ ਵਿੱਚ ਅਸੀਂ 36,796 ਨੌਕਰੀਆਂ ਵੰਡ ਚੁੱਕੇ ਹਾਂ, ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਹੋ ਪਰਿਵਾਰ ਦੇ 2 ਮੁੰਡਿਆਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਇਸ ਪਰਿਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। 


ਸੀਐਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ - ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪਰਿਵਾਰ ’ਚੋਂ 2 ਮੁੰਡਿਆਂ ਦੀ ਨੌਕਰੀ ਲੱਗੀ ਹੈ… ਅੱਜ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹੈ… ਮੈਂ ਅਕਸਰ ਕਹਿੰਦਾ ਹੁੰਨਾ ਕਿ ਜਦੋਂ ਕੋਈ ਦਰਖ਼ਤ ਫ਼ਲ, ਫੁੱਲ ਜਾਂ ਛਾਂ ਦੇਣ ਲੱਗ ਜਾਵੇ ਤਾਂ ਉਸਦੇ ਮਾਲੀ ਨੂੰ ਬਹੁਤ ਖੁਸ਼ੀ ਹੁੰਦੀ ਹੈ…


ਸੋ ਅੱਜ ਉਨ੍ਹਾਂ ਅਧਿਆਪਕਾਂ ਤੇ ਮਾਪਿਆਂ ਨੂੰ ਬਹੁਤ ਖੁਸ਼ੀ ਹੋਊਗੀ ਜਿਨ੍ਹਾਂ ਨੇ ਤੁਹਾਨੂੰ ਪੜ੍ਹਾਇਆ ਹੈ ਜਾਂ ਜਿਨ੍ਹਾਂ ਨੇ ਤੁਹਾਨੂੰ ਇੰਨੀਆਂ ਉੱਚੀਆਂ ਮੰਜ਼ਲਾਂ ਸਰ ਕਰਨ ਲਈ ਆਪ ਦੁੱਖ ਝੱਲੇ ਨੇ… ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਹਾਂ…


ਬੀਤੇ ਦਿਨ ਸਹਿਕਾਰੀ ਵਿਭਾਗ ਵਿੱਚ ਨਵ-ਨਿਯੁਕਤ 272 ਸਹਿਕਾਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ 36,796 ਨਿਯੁਕਤੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ ਹੋਈਆਂ ਹਨ। 


ਉਨ੍ਹਾਂ ਕਿਹਾ ਕਿ ਪੂਰੀ ਪਾਰਦਰਸ਼ੀ ਪ੍ਰਕਿਰਿਆ ਅਪਨਾਉਣ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੌਜਵਾਨਾਂ ਨੇ ਬੇਹੱਦ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਪਾਸ ਕਰਨ ਮਗਰੋਂ ਇਹ ਨੌਕਰੀਆਂ ਹਾਸਲ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦਾ ਪਹਿਲੇ ਦਿਨ ਤੋਂ ਹੀ ਇਕੋ-ਇਕ ਏਜੰਡਾ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰ ਕੇ ਉਨ੍ਹਾਂ ਨੂੰ ਵੱਧ ਅਧਿਕਾਰ ਦੇਣਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਬੇਹੱਦ ਖ਼ੁਸ਼ੀ ਦੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਲੜਕੀਆਂ ਸਰਕਾਰੀ ਨੌਕਰੀਆਂ ਲਈ ਚੁਣੀਆਂ ਜਾ ਰਹੀਆਂ ਹਨ। ਇਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰੀਖਿਆ ਮਗਰੋਂ ਸਹਿਕਾਰੀ ਇੰਸਪੈਕਟਰਾਂ ਦੀਆਂ ਆਸਾਮੀਆਂ ਲਈ 181 ਲੜਕੇ ਤੇ 91 ਲੜਕੀਆਂ ਭਰਤੀ ਹੋਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਲੜਕੀਆਂ ਦੀ ਸਿੱਖਿਆ ਉਤੇ ਵੱਧ ਧਿਆਨ ਦੇ ਰਹੀ ਹੈ ਅਤੇ ਇਹ ਕੋਸ਼ਿਸ਼ਾਂ ਆਪਣੇ ਤੈਅ ਨਤੀਜੇ ਵੀ ਲਿਆ ਰਹੀਆਂ ਹਨ।