Sangrur News: ਬੇਸ਼ੱਕ ਹੜ੍ਹ ਦਾ ਪਾਣੀ ਲਹਿ ਗਿਆ ਹੈ ਪਰ ਲੋਕਾਂ ਦੀ ਸਮੱਸਿਆ ਅਜੇ ਖਤਮ ਨਹੀਂ ਹੋਈ। ਕਿਸਾਨਾਂ ਦੇ ਖੇਤਾਂ 'ਚ ਪਾਣੀ ਘਟ ਗਿਆ ਹੈ ਪਰ ਹੁਣ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ। ਹੜ੍ਹ ਦੇ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ। ਹੁਣ ਕਈ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਵੀ ਖਰਾਬ ਹੋ ਗਏ ਹਨ। ਟਿਊਬਵੈੱਲਾਂ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ। ਖੇਤਾਂ ਦੇ ਨਾਲ-ਨਾਲ ਘਰਾਂ ਦੀਆਂ ਮੋਟਰਾਂ 'ਚ ਵੀ ਸਾਫ਼ ਪਾਣੀ ਨਹੀਂ ਆ ਰਿਹਾ।


ਹੜ੍ਹਾਂ ਦਾ ਗੰਦਾ ਪਾਣੀ ਟਿਊਬਵੈੱਲਾਂ 'ਚੋਂ ਆ ਰਿਹਾ ਬਾਹਰ


ਹਾਸਲ ਜਾਣਕਾਰੀ ਮੁਤਾਬਕ ਲਗਾਤਾਰ 20 ਦਿਨਾਂ ਤੱਕ ਹੜ੍ਹਾਂ ਦਾ ਪਾਣੀ ਕਿਸਾਨਾਂ ਦੇ ਟਿਊਬਵੈੱਲਾਂ 'ਚ ਜਾਂਦਾ ਰਿਹਾ। ਹੁਣ ਉਸੇ ਹੜ੍ਹਾਂ ਦਾ ਗੰਦਾ ਪਾਣੀ ਇਲਾਕੇ ਦੇ ਟਿਊਬਵੈੱਲਾਂ 'ਚੋਂ ਬਾਹਰ ਆ ਰਿਹਾ ਹੈ। ਜੇਕਰ ਕਿਸਾਨ ਟਿਊਬਵੈੱਲ ਚਲਾਉਂਦੇ ਹਨ ਤਾਂ ਮੋਟਰਾਂ ਖਰਾਬ ਹੋ ਰਹੀਆਂ ਹਨ। ਜੇਕਰ ਕਿਸਾਨ ਨਵਾਂ ਬੋਰ ਕਰਵਾਉਂਦੇ ਹਨ ਤਾਂ ਲੱਖਾਂ ਰੁਪਏ ਦਾ ਖਰਚਾ ਆਵੇਗਾ। ਇਸ ਲਈ ਕਿਸਾਨ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ।


ਘੱਗਰ ਦਰਿਆ ਵਿੱਚ ਆਏ ਹੜ੍ਹ ਨੂੰ ਭਾਵੇਂ 20 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਇਹ ਤਬਾਹੀ ਰੁਕੀ ਨਹੀਂ। ਮੂਨਕ ਇਲਾਕੇ ਦੇ ਪਿੰਡ ਹੋਤੀਪੁਰ ਵਿੱਚ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਨ ਤੋਂ ਬਾਅਦ ਹੁਣ ਪਾਣੀ ਖੇਤਾਂ ਵਿੱਚੋਂ ਬਾਹਰ ਨਿਕਲ ਗਿਆ ਹੈ ਪਰ ਖੇਤਾਂ ਦੀਆਂ ਟਿਊਬਵੈੱਲ ਧਰਤੀ ਹੇਠੋਂ ਗੰਦਾ ਪਾਣੀ ਕੱਢ ਹਨ। ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਲੱਖਾਂ ਦਾ ਖਰਚਾ ਕਰਕੇ ਦੁਬਾਰਾ ਟਿਉਬਵੈਲ ਲਵਾਉਣੇ ਪੈਣਗੇ।


ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਡ ਹੋਤੀਪੁਰ ਦੇ ਲੋਕਾਂ ਨੇ ਦੱਸਿਆ ਕਿ ਭਾਵੇਂ ਹੜ੍ਹ ਆਏ ਨੂੰ 20 ਦਿਨ ਹੋ ਗਏ ਹਨ ਪਰ ਹੁਣ ਸਾਡੇ ਬੋਰਾਂ ਵਿੱਚੋਂ ਮਿੱਟੀ ਨਿਕਲ ਰਹੀ ਹੈ। ਪਾਣੀ ਪੀਣ ਯੋਗ ਨਹੀਂ ਰਿਹਾ। ਘਰਾਂ ਅੰਦਰ ਲੱਗੀਆਂ ਸਬਮਰਸੀਬਲ ਮੋਟਰ ਵਿੱਚੋਂ ਵੀ ਗੰਦਾ ਪਾਣੀ ਬਾਹਰ ਆ ਰਿਹਾ ਹੈ। ਹੜ੍ਹਾਂ ਕਾਰਨ ਗੰਦਾ ਪਾਣੀ ਇਨ੍ਹਾਂ ਬੋਰਾਂ ਰਾਹੀਂ ਧਰਤੀ ਵਿੱਚ ਚਲਾ ਗਿਆ ਸੀ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ। ਹੁਣ ਸਰਕਾਰ ਤੇ ਸਮਾਜ ਸੇਵੀਆਂ ਵੱਲੋਂ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ।